ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ,13 ਸਤੰਬਰ
ਪਿੰਡ ਹਥਨ ਦੀ ਪੰਚਾਇਤ ਨੇ ਸਿਵਲ ਸਰਜਨ ਮਾਲੇਰਕੋਟਲਾ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ‘ਚ ਮੂੰਹ ਨਾਲ ਦੰਦੀਆਂ ਵੱਡ ਕੇ ਸਰਵਾਈਕਲ, ਰੀੜ੍ਹ ਦੀ ਹੱਡੀ ਅਤੇ ਟੁੱਟੀਆਂ ਲੱਤਾਂ/ ਬਾਹਾਂ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਇੱਕ ਵਿਆਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੰਚਾਇਤ ਨੇ ਮੰਗ ਪੱਤਰ ‘ਚ ਕਿਹਾ ਹੈ ਕਿ ਸ਼ੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਪਿੰਡ ਹਥਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪਿੰਡ ਦਾ ਇੱਕ ਵਿਅਕਤੀ ਆਪਣੇ ਮੂੰਹ ਨਾਲ ਦੰਦੀਆਂ ਵੱਡ ਕੇ ਲੋਕਾਂ ਦੀ ਰੀੜ੍ਹ ਦੀ ਹੱਡੀ, ਲੱਤਾਂ, ਬਾਹਾਂ ਅਤੇ ਸਰਵਾਇਕਲ ਦਾ ਇਲਾਜ ਕਰਦਾ ਦਿਖਾਈ ਦੇ ਰਿਹਾ ਹੈ। ਮੰਗ ਪੱਤਰ ‘ਚ ਦਾਅਵਾ ਕੀਤਾ ਗਿਆ ਹੈ ਕਿ ਉਕਤ ਵਿਅਕਤੀ ਕੋਲ ਕੋਈ ਡਿਗਰੀ ਨਹੀਂ ਹੈ ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਕਾਰਨ ਲੋਕ ਦੂਰ ਦੁਰਾਡੇ ਤੋਂ ਉਸ ਕੋਲ ਇਲਾਜ ਲਈ ਆ ਰਹੇ ਹਨ, ਜਿਨ੍ਹਾਂ ਤੋਂ ਉਹ ਮੋਟੀ ਰਕਮ ਵਸੂਲ ਕਰ ਰਿਹਾ ਹੈ। ਇਸ ਕਰੋਨਾ ਮਹਾਮਾਰੀ ਦੌਰਾਨ ਉਸ ਦੇ ਘਰ ਲੋਕਾਂ ਦਾ ਵੱਡਾ ਇਕੱਠ ਜੁੜਿਆ ਰਹਿੰਦਾ ਹੈ। ਕਰੋਨਾ ਮਹਾਮਾਰੀ ਦੇ ਇਸ ਦੌਰ ‘ਚ ਦੂਜੇ ਰਾਜਾਂ ਤੋਂ ਪਿੰਡ ਹਥਨ ਆ ਰਹੇ ਹਨ, ਜਿਸ ਕਾਰਨ ਪਿੰਡ ‘ਚ ਮਹਾਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ ।
ਤਰਕਸ਼ੀਲ ਸੁਸਾਇਟੀ ਵਲੋਂ ਮਾਮਲੇ ਦਾ ਸਖ਼ਤ ਨੋਟਿਸ
ਸੰਗਰੂਰ (ਨਿਜੀ ਪੱਤਰ ਪ੍ਰੇਰਕ):ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੰਗਰੂਰ ਇਕਾਈ ਨੇ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਹਥਨ ਵਿਖੇ ਇੱਕ ਵਿਅਕਤੀ ਵਲੋਂ ਦੰਦੀਆਂ ਵੱਢ ਕੇ ਲੋਕਾਂ ਦਾ ਇਲਾਜ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਅਜੋਕੇ ਵਿਗਿਆਨਕ ਯੁੱਗ ਵਿਚ ਦੰਦੀਆਂ ਵੱਢ ਕੇ ਇਲਾਜ ਕਰਨ ਨੂੰ ਲੋਕਾਂ ਦੀ ਮਾਨਸਿਕ ਅਤੇ ਆਰਥਿਕ ਲੁੱਟ ਕਰਾਰ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਤਰਕਸ਼ੀਲ ਸੁਸਾਇਟੀ ਇਕਾਈ ਸੰਗਰੂਰ ਦੇ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਅਜਿਹੇ ਢੰਗ ਤਰੀਕੇ ਨਾਲ ਇਲਾਜ ਕਰਨਾ ਕਿਸੇ ਵੀ ਤਰਾਂ ਸੰਭਵ ਨਹੀਂ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਅਜਿਹੇ ਅੰਧਵਿਸ਼ਵਾਸ਼ ਫੈਲਾਉਣ ’ਤੇ ਲੋਕਾਂ ਦੀ ਲੁੱਟ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।