ਪੱਤਰ ਪ੍ਰੇਰਕ
ਸ਼ੇਰਪੁਰ, 5 ਮਾਰਚ
ਪਿੰਡ ਹੇੜੀਕੇ ਵਿੱਚ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਜਗ੍ਹਾ ਵਿੱਚ ਤਕਰੀਬਨ ਇੱਕ ਸਾਲ ਤੋਂ ਲਗਾਤਾਰ ਕਾਬਜ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਦਾ ਕਬਜ਼ਾ ਭਾਵੇਂ ਹਾਲੇ ਵੀ ਬਰਕਰਾਰ ਹੈ ਪਰ ਜਥੇਬੰਦੀ ਦੇ ਵਫ਼ਦ ਨੇ ਬੀਡੀਪੀਓ ਦੇ ਨਾਮ ਮੰਗ ਪੱਤਰ ਦੇ ਕੇ ਰੇੜਕਾ ਮਿਟਾਉਣ ਲਈ ਕਥਿਤ ਡੰਮੀ ਬੋਲੀ ਦੀ ਥਾਂ ਮਜ਼ਦੂਰਾਂ ਨੂੰ ਵਾਜਬ ਰੇਟ ’ਤੇ ਜ਼ਮੀਨ ਦੀ ਬੋਲੀ ਕਰਵਾਉਣ ਦੀ ਮੰਗ ਉਠਾਈ ਹੈ। ਯਾਦ ਰਹੇ ਕਿ ਭਾਰੀ ਪੁਲੀਸ ਫੋਰਸ ਦੀ ਹਾਜ਼ਰੀ ਵਿੱਚ ਪੰਚਾਇਤੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪਿੰਡ ਦੇ ਜਿਨ੍ਹਾਂ ਵਿਆਕਤੀਆਂ ਦੇ ਨਾਮ ਦਲਿਤਾਂ ਦੇ ਹਿੱਸੇ ਵਾਲੀ ਜ਼ਮੀਨ ਦੀ ਬੋਲੀ ਕੀਤੀ ਸੀ, ਉਸਨੂੰ ਜ਼ੈੱਡਪੀਐੱਸਸੀ ਦੇ ਕਾਰਕੁਨਾਂ ਨੇ ਡੰਮੀ ਕਰਾਰ ਦਿੰਦਿਆਂ, ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ।
ਵਫ਼ਦ ਵਿੱਚ ਸ਼ਾਮਲ ਜ਼ੈੱਡਪੀਐੱਸਸੀ ਦੇ ਜ਼ੋਨਲ ਆਗੂ ਜਸਵੰਤ ਸਿੰਘ ਖੇੜੀ, ਸ਼ਿਗਾਰਾ ਸਿੰਘ ਅਤੇ ਔਰਤ ਵਿੰਗ ਦੀ ਆਗੂ ਬੀਬੀ ਸ਼ਿੰਦਰ ਕੌਰ ਨੇ ਕਿਹਾ ਕਿ ਤੁਰੰਤ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦੀ ਬੋਲੀ ਕਰਕੇ ਵਾਜਬ ਰੇਟ ’ਤੇ ਜ਼ਮੀਨ ਦਿੱਤੀ ਜਾਵੇ।