ਪੱਤਰ ਪ੍ਰੇਰਕ
ਸ਼ੇਰਪੁਰ, 7 ਮਾਰਚ
ਪਿੰਡ ਹੇੜੀਕੇ ਵਿੱਚ ਅਨੁਸੂਚਿਤ ਜਾਤੀ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਤਕਰੀਬਨ ਨੌਂ ਮਹੀਨਿਆਂ ਤੋਂ ਲਗਾਤਾਰ ਚਲਦਾ ਆ ਰਿਹਾ ਵਿਵਾਦ ਮੁੜ ਭਖ਼ਣ ਦੇ ਆਸਾਰ ਬਣਨ ਲੱਗੇ ਹਨ ਕਿਉਂਕਿ ਪੰਚਾਇਤ ਵਿਭਾਗ ਜ਼ਮੀਨ ਵਿੱਚ ਸੂਹਾ ਝੰਡਾ ਲਗਾ ਕੇ ਪਿਛਲੇ ਅੱਠ ਮਹੀਨਿਆਂ ਤੋਂ ਕੀਤੇ ਕਬਜ਼ੇ ਤੋਂ ਜ਼ੈੱਡਪੀਐੱਸਸੀ ਦੇ ਕਾਰਕੁਨ ਕਬਜ਼ਾਕਾਰੀਆਂ ਨੂੰ ਖਦੇੜਨ ਦੇ ਮੂਡ ਵਿੱਚ ਹੈ। ਯਾਦ ਰਹੇ ਕਿ 22 ਜੁਲਾਈ 2021 ਨੂੰ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਦੌਰਾਨ ਪਿੰਡ ਹੇੜੀਕੇ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਤੀਜੇ ਹਿੱਸੇ ਵਾਲੀ ਜਗ੍ਹਾ ਦੀ ਬੋਲੀ ਵਿਭਾਗ ਨੇ ਪਿੰਡ ਦੇ ਜਸਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ ਦੇ ਨਾਮ ’ਤੇ ਤੋੜੀ ਸੀ ਪਰ ਜ਼ੈੱਡਪੀਐਸਸੀ ਦੇ ਕਾਰਕੁਨਾਂ ਨੇ ਇਸ ਨੂੰ ਡੰਮੀ ਬੋਲੀ ਕਰਾਰ ਦਿੰਦਿਆਂ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ। ਵਿਭਾਗ ਦੇ ਸੂਤਰਾਂ ਅਨੁਸਾਰ ਤਾਜ਼ਾ ਸਥਿਤੀ ਇਹ ਹੈ ਕਿ ਉੱਚ ਅਦਾਲਤ ਨੇ ਹੁਣ ਉਚ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ ਜਿਸ ਕਰਕੇ ਪ੍ਰਸ਼ਾਸਨਿਕ ਅਧਿਕਾਰੀ ਤੇ ਵਿਭਾਗ ਕਬਜ਼ਾ ਛੁਡਵਾਉਣ ਲਈ ਪੁਲੀਸ ਇਮਦਾਦ ਮੰਗ ਰਹੇ ਹਨ ਪਰ 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਪੁਲੀਸ ਫੋਰਸ ਦੀ ਘਾਟ ਹੋਣ ਕਾਰਨ ਇਹ ਮਾਮਲਾ ਕੁੱਝ ਦਿਨ ਟਲ ਗਿਆ ਜਾਪ ਰਿਹਾ ਹੈ। ਉੱਧਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨ ਨੇ ਕਿਹਾ ਕਿ ਪ੍ਰਸ਼ਾਸਨ ਨੇ ਪੁਲੀਸ ਬਲ ਪ੍ਰਯੋਗ ਕੀਤਾ ਤਾਂ ਉਹ ਮੂਕ ਦਰਸ਼ਕ ਨਹੀਂ ਬਣੇ ਰਹਿਣਗੇ। ਬੀਡੀਪੀਓ ਸ਼ੇਰਪੁਰ ਅਜਾਇਬ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਕਬਜ਼ਾ ਦਿਵਾਏ ਜਾਣ ਲਈ ਉੱਚ ਅਦਾਲਤ ਕੇਸ ਦਾਇਰ ਕੀਤਾ ਸੀ ਜਿਸ ਦੀ ਪੇਸ਼ੀ 8 ਮਾਰਚ ਹੈ।