ਪੱਤਰ ਪ੍ਰੇਰਕ
ਸ਼ੇਰਪੁਰ, 11 ਅਗਸਤ
ਹੇੜੀਕੇ ’ਚ ਰਾਖਵੇਂ ਕੋਟੇ ਦੀ 7 ਏਕੜ ਜ਼ਮੀਨ ਦੀ ਹੋਈ ਬੋਲੀ ਨੂੰ ਡੰਮੀ ਕਰਾਰ ਦਿੰਦੇ ਹੋਏ ਤਕਰੀਬਨ 20 ਦਿਨਾਂ ਤੋਂ ਜ਼ਮੀਨ ’ਚ ਪੱਕਾ ਧਰਨਾ ਲਗਾਕੇ ਕਬਜ਼ਾ ਕਰੀ ਬੈਠੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਾਰਕੁਨਾਂ ਨੇ ਅੱਜ ਬੀਡੀਪੀਓ ਸ਼ੇਰਪੁਰ ਦੇ ਦਫ਼ਤਰ ਦੇ ਮੁੱਖ ਗੇਟ ’ਤੇ ਧਰਨਾ ਦੇ ਕੇ ਸ਼ੇਰਪੁਰ-ਮੂਲੋਵਾਲ ਸੜਕ ’ਤੇ ਚੱਕਾ ਜਾਮ ਵੀ ਕੀਤਾ। ਜਥੇਬੰਦੀ ਦੀ ਜ਼ੋਨ ਕਨਵੀਨਰ ਪਰਮਜੀਤ ਕੌਰ ਲੌਂਗੋਵਾਲ ਨੇ ਬੀਡੀਪੀਓ ਦਫ਼ਤਰ ਦੇ ਗੇਟ ਅੱਗੇ ਚਿਤਾਵਨੀ ਪੱਤਰ ਚਿਪਕਾਇਆ ਜਿਸ ਰਾਹੀਂ ਮਹਿਜ਼ ਪੰਜ ਦਿਨਾਂ ਅੰਦਰ ਪਹਿਲੀ ਬੋਲੀ ਰੱਦ ਕਰਕੇ ਦਲਿਤ ਭਾਈਚਾਰੇ ਨੂੰ ਸਾਂਝੀ ਖੇਤੀ ਲਈ ਜ਼ਮੀਨ ਦਿੱਤੇ ਜਾਣ ਦਾ ਅਲਟੀਮੇਟਮ ਦਿੰਦਿਆਂ ਤਿੱਖਾ ਸੰਘਰਸ਼ ਆਰੰਭੇ ਜਾਣ ਦਾ ਸੰਦੇਸ਼ ਦਿੱਤਾ।
ਜਾਣਕਾਰੀ ਅਨੁਸਾਰ ਜੈੱਡਪੀਐਸਸੀ ਵੱਲੋਂ ਬੀਡੀਪੀਓ ਦਫ਼ਤਰ ਦੇ ਘਿਰਾਓ ਦੇ ਮੱਦੇਨਜ਼ਰ ਅੱਜ ਸਵੇਰ ਤੋਂ ਹੀ ਸ਼ੇਰਪੁਰ ਪੁਲੀਸ ਤੋਂ ਇਲਾਵਾ ਬਾਹਰਲੀ ਪੁਲੀਸ ਦੀਆਂ ਆਈਆਂ ਗੱਡੀਆਂ ਦੀ ਸਰਗਰਮੀ ਦਿਖ ਰਹੀ ਸੀ। ਬੀਡੀਪੀਓ ਦਫ਼ਤਰ ਅੱਗੇ ਪੰਜਾਬ ਪੁਲੀਸ ਤੇ ਮਹਿਲਾ ਪੁਲੀਸ ਦੇ ਅਧਿਕਾਰੀ ਮੁਲਾਜ਼ਮਾਂ ਨੇ ਦਫ਼ਤਰ ਦਾ ਮੁੱਖ ਗੇਟ ਬੰਦ ਕੀਤਾ ਹੋਇਆ ਸੀ। ਪਿੰਡ ਹੇੜੀਕੇ ਤੋਂ ਜਥੇਬੰਦੀ ਦੇ ਕਾਰਕੁਨ ਸੂਹੇ ਝੰਡਿਆਂ ਨਾਲ ਪੁੱਜੇ ਮਜ਼ਦੂਰ ਮਰਦਾਂ ਔਰਤਾਂ ਨੇ ਆਉਂਦਿਆਂ ਹੀ ਬੀਡੀਪੀਓ ਦਫ਼ਤਰ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਮੁੱਖ ਗੇਟ ’ਤੇ ਰੋਕ ਲਿਆ। ਕਾਰਕੁਨਾਂ ਨੇ ਗੇਟ ਘੇਰ ਕੇ ਮੁੱਖ ਸੜਕ ’ਤੇ ਜਾਮ ਲਗਾ ਦਿੱਤਾ। ਇਸ ਮੌਕੇ ਜ਼ੋਨ ਕਨਵੀਨਰ ਬੀਬੀ ਪਰਮਜੀਤ ਕੌਰ, ਬਲਾਕ ਪ੍ਰਧਾਨ ਜਸਵੰਤ ਖੇੜੀ ਅਤੇ ਬੀਬੀ ਸਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਗਲਤੀ ਸੁਧਾਰ ਲੈਣ। ਇਸ ਧਰਨੇ ਨੂੰ ਸੰਕੇਤਕ ਕਰਾਰ ਦਿੰਦਿਆਂ ਆਗੂਆਂ ਨੇ ਪੰਜ ਦਿਨਾ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਬੋਰਡ ਲਗਾਕੇ ਧਰਨਾ ਸਮਾਪਤ ਕਰ ਦਿੱਤਾ। ਧਰਨੇ ਦੌਰਾਨ ਹਾਕਮ ਸਿੰਘ, ਚਮਕੌਰ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।