ਬੀਰਬਲ ਰਿਸ਼ੀ
ਸ਼ੇਰਪੁਰ, 12 ਜੁਲਾਈ
ਪਿੰਡ ਹੇੜੀਕੇ ’ਚ ਪੰਚਾਇਤੀ ਜ਼ਮੀਨ ਦੇ ਰਾਖਵੇਂ ਕੋਟੇ ਦੀ ਬੋਲੀ ਸਬੰਧੀ ਅੱਜ ਸਾਰਾ ਦਿਨ ਤਣਾਅ ਭਰਿਆ ਮਾਹੌਲ ਰਿਹਾ। ਇਸ ਕਰਕੇ ਸਬੰਧਤ ਅਧਿਕਾਰੀਆਂ ਨੂੰ ਬੋਲੀ ਕਰਵਾਉਣ ਮਗਰੋਂ ਰਾਖਵੇਂ ਕੋਟੇ ਦੀ ਬੋਲੀ ਮੁੜ ਰੱਦ ਕਰਨੀ ਪਈ।
ਯਾਦ ਰਹੇ ਰਾਖਵੇਂ ਕੋਟੇ ਦੀ ਪਿਛਲੇ ਵਰ੍ਹੇ ਹੋਈ ਬੋਲੀ ਨੂੰ ਡੰਮੀ ਕਰਾਰ ਦਿੰਦਿਆਂ ਮਜ਼ਦੂਰਾਂ ਨੇ ਪੂਰਾ ਸਾਲ ਐੱਸਸੀ ਭਾਈਚਾਰੇ ਦੇ ਹਿੱਸੇ ਦੀ ਜ਼ਮੀਨ ’ਤੇ ਕਬਜ਼ਾ ਕਰਕੇ ਰੱਖਿਆ ਸੀ ਜਿਸ ਨੂੰ ਪਿਛਲੇ ਦਿਨੀਂ ਉੱਚ ਅਦਾਲਤ ਦੇ ਹੁਕਮਾਂ ’ਤੇ ਖਾਲੀ ਕਰਵਾਏ ਜਾਣ ਮਗਰੋਂ ਅੱਜ ਦੁਬਾਰਾ ਬੋਲੀ ਰੱਖੀ ਗਈ ਸੀ। ਜਾਣਕਾਰੀ ਅਨੁਸਾਰ ਅੱਜ ਰਾਖਵੇ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਮੱਦੇਨਜ਼ਰ ਸਵੇਰ ਤੋਂ ਐੱਸਐੱਚਓ ਅਮਰੀਕ ਸਿੰਘ ਆਪਣੀ ਪੁਲੀਸ ਫੋਰਸ ਸਮੇਤ ਪੁੱਜੇ ਹੋਏ ਸਨ। ਧਰਮਸ਼ਾਲਾ ’ਚ ਇਕੱਠੇ ਹੋਏ ਵੱਡੀ ਗਿਣਤੀ ਮਜ਼ਦੂਰਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੜਾਈ ਦੇ ਡਰੋਂ ਬੋਲੀ ਮਜ਼੍ਹਬੀ ਸਿੱਖ ਧਰਮਸ਼ਾਲਾ ਵਿੱਚ ਕਰਵਾਏ ਜਾਣ ਦੀ ਮੰਗ ਰੱਖੀ ਜਦੋਂ ਕਿ ਸਰਪੰਚ ਤੇ ਬਹੁਗਿਣਤੀ ਪੰਚ ਇਹ ਬੋਲੀ ਪੰਚਾਇਤੀ ਘਰ ਵਿੱਚ ਕੀਤੇ ਜਾਣ ਲਈ ਬਜ਼ਿੱਦ ਰਹੇ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਆਗੂ ਪਰਮਜੀਤ ਕੌਰ ਲੌਂਗੋਵਾਲ, ਜਸਵੰਤ ਸਿੰਘ ਖੇੜੀ, ਸ਼ਿੰਗਾਰਾ ਸਿੰਘ ਅਤੇ ਮਨਜੀਤ ਕੌਰ ਨੇ ਦਾਅਵਾ ਕੀਤਾ ਕਿ ਅੱਜ ਮੌਕੇ ’ਤੇ ਪੁੱਜੇ ਅਧਿਕਾਰੀ ਤਹਿਸੀਲਦਾਰ ਗੁਰਬੰਸ ਸਿੰਘ ਨੇ ਬੋਲੀ ਰੱਦ ਕਰਨ, ਪੰਚਾਇਤ ਵੱਲੋਂ ਮਜ਼੍ਹਬੀ ਸਿੱਖਾਂ ਦੀ ਧਰਮਸ਼ਾਲਾ ’ਚ ਬੋਲੀ ਕਰਵਾਏ ਜਾਣ ਤੋਂ ਇਨਕਾਰੀ ਹੋਣ ਕਾਰਨ ਸ਼ੁੱਕਰਵਾਰ ਨੂੰ ਪ੍ਰਸ਼ਾਸਕ ਲਗਾ ਕੇ ਮੁੜ ਬੋਲੀ ਕਰਵਾਉਣ ਦਾ ਭਰੋਸਾ ਦਿੱਤਾ ਹੈ। ਬੀਡੀਪੀਓ ਜੁਗਰਾਜ ਸਿੰਘ ਗੁੰਮਟੀ ਨੇ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਬੋਲੀ ਬਾਰੇ ਉਹੀ ਬਿਹਤਰ ਦੱਸ ਸਕਦੇ ਹਨ ਜਿਨ੍ਹਾਂ ਨੇ ਅਜਿਹਾ ਖੁਲਾਸਾ ਕੀਤਾ ਹੈ। ਤਹਿਸੀਲਦਾਰ ਗੁਰਬੰਸ ਸਿੰਘ ਨੇ ਦੱਸਿਆ ਕਿ ਉਚ ਅਧਿਕਾਰੀਆਂ ਨਾਲ ਮਸ਼ਵਰੇ ਮਗਰੋਂ ਤੈਅ ਹੋਇਆ ਕਿ 15 ਜੁਲਾਈ ਨੂੰ ਉਕਤ ਧਰਮਸ਼ਾਲਾ ਵਿੱਚ ਹੀ ਪ੍ਰਸ਼ਾਸਕ ਲਗਾਕੇ ਬੋਲੀ ਕਰਵਾਈ ਜਾਵੇਗੀ।