ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਕਤੂਬਰ
ਆਮ ਤੌਰ ’ਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਪਹਿਲੀ ਅਕਤੂਬਰ ਤੋਂ ਹੀ ਕੀਤੀ ਜਾਂਦੀ ਹੈ। ਇਸ ਵਾਰ ਕੇਂਦਰ ਸਰਕਾਰ ਵੱਲੋਂ ਖ਼ਰਾਬ ਮੌਸਮ ਦੇ ਹਵਾਲੇ ਨਾਲ ਫ਼ਸਲ ’ਚ ਸਿੱਲ੍ਹ ਜ਼ਿਆਦਾ ਹੋਣ ਦਾ ਤਰਕ ਦੇ ਕੇ ਖ਼ਰੀਦ ਦਸ ਦਿਨ ਅੱਗੇ ਪਾ ਦਿੱਤੀ ਗਈ ਹੈ। ਇਸ ਕਾਰਨ ਪੰਜਾਬ ਸਰਕਾਰ, ਆੜ੍ਹਤੀ ਵਰਗ ਅਤੇ ਸਣੇ ਕਿਸਾਨਾਂ ਸਮੇਤ ਕੰਬਾਈਨ ਮਾਲਕਾਂ ਅਤੇ ਮਜ਼ਦੂਰ ਵਰਗ ਵੱਲੋਂ ਕੀਤੀ ਗਈ ਵਿਉਂਤਬੰਦੀ ਵੀ ਉਥਲ-ਪੁਥਲ ਹੋ ਕੇ ਰਹਿ ਗਈ ਹੈ।
ਇਕੱਤਰ ਵੇਰਵਿਆਂ ਅਨੁਸਾਰ ਅੱਜ ਪਹਿਲੀ ਅਕਤੂਬਰ ਨੂੰ ਪਟਿਆਲਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਕਰੀਬ ਪੰਜਾਹ ਹਜ਼ਾਰ ਕੁਇੰਟਲ ਝੋਨਾ ਪੁੱਜ ਚੁੱਕਾ ਹੈ। ਉੱਪਰੋਂ ਮੌਸਮ ਵੀ ਖ਼ਰਾਬ ਹੈ। ਕਿਸਾਨਾਂ ਤੇ ਆੜ੍ਹਤੀਆਂ ਦੀ ਆਪਸੀ ਸਾਂਝ ਦੇ ਚੱਲਦਿਆਂ ਆੜ੍ਹਤੀਆਂ ਨੇ ਅਣ-ਅਧਿਕਾਰਤ ਤੌਰ ’ਤੇ ਫ਼ਸਲ ਨੂੰ ਜਾਂ ਤਾਂ ਸ਼ੈੱਡਾਂ ਦੇ ਹੇੇਠ ਸੁਟਵਾ ਲਿਆ ਹੈ ਜਾਂ ਪੁਰਾਣੇ ਬਾਰਦਾਨੇ ਵਿਚ ਭਰਵਾ ਕੇ ਸੰਭਾਲ਼ ਕੇ ਰੱਖ ਲਿਆ ਹੈ ਤਾਂ ਜੋ ਖ਼ਰੀਦ ਸ਼ੁਰੂ ਹੋਣ ਮੌਕੇ ਬੋਲੀ ਲਵਾਈ ਜਾ ਸਕੇ।
ਰਾਜਪੁਰਾ ਖੇਤਰ ਵਿਚ ਪਟਿਆਲਾ ਹੀ ਨਹੀਂ, ਬਲਕਿ ਪੰਜਾਬ ਦੇ ਕਈ ਖੇਤਰਾਂ ਵਿਚੋਂ ਸਭ ਤੋਂ ਪਹਿਲਾਂ ਝੋਨੇ ਦੀ ਵਾਢੀ ਸ਼ੁਰੂ ਹੁੰਦੀ ਹੈ। ਸ਼ੁੱਕਰਵਾਰ ਰਾਤ ਦਸ ਵਜੇ ਤੱਕ ਇਕੱਲੀ ਰਾਜਪੁਰਾ ਅਨਾਜ ਮੰਡੀ ਵਿਚ ਪੰਜਾਹ ਹਜ਼ਾਰ ਕੁਇੰਟਲ ਝੋਨੇ ਦੀ ਫ਼ਸਲ ਪੁੱਜ ਚੁੱਕੀ ਸੀ। ਸਨੌਰ ਮੰਡੀ ਵਿਚ ਤਿੰਨ ਹਜ਼ਾਰ ਕੁਇੰਟਲ ਤੇ ਦੇਵੀਗੜ੍ਹ ਮੰਡੀ ਵਿਚ 1500 ਕੁਇੰਟਲ ਝੋਨੇ ਦੀ ਫ਼ਸਲ ਪੁੱਜ ਚੁੱਕੀ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੋਂ ਦੀ ਅਨਾਜ ਮੰਡੀ ਵਿੱਚ ਅੱਜ ਝੋਨੇ ਦੀ ਤਿਆਰ ਫਸਲ ਨੂੰ ਮੀਂਹ ਦੇ ਡਰੋਂ ਵੱਢ ਕੇ ਵੇਚਣ ਲਿਆਏ ਕਿਸਾਨਾਂ ਨੂੰ ਹੁਣ ਮੰਡੀ ਵਿੱਚ ਦਸ ਦਿਨ ਫ਼ਸਲ ਦੀ ਦਿਨ ਰਾਤ ਰਾਖੀ ਕਰਨੀ ਪਵੇਗੀ। ਅੱਜ ਪਿੰਡ ਭੁਟਾਲ ਕਲਾਂ ਦੇ ਸ਼ੇਰਾ ਸਿੰਘ ਤੇ ਮੇਜਰ ਸਿੰਘ ਸਣੇ ਕਈ ਕਿਸਾਨ ਪੀਆਰ ਝੋਨੇ ਦੀ ਪੰਜ ਛੇ ਟਰਾਲੀਆਂ ਆੜ੍ਹਤੀ ਦੀ ਦੁਕਾਨ ’ਤੇ ਲਿਆਏ ਪਰ ਆੜ੍ਹਤੀਏ ਨੇ ਬੋਲੀ ਤੋਂ ਹੱਥ ਖੜ੍ਹੇ ਕਰ ਦਿੱਤੇ। ਜ਼ਿਕਰਯੋਗ ਹੈ ਕਿ ਬਾਸਮਤੀ ਦਾ ਝੋਨਾ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦਣ ਕਰਕੇ ਤੁਰੰਤ ਬੋਲੀ ਹੋ ਜਾਂਦੀ ਹੈ ਪਰ ਪਰਮਲ ਝੋਨਾ ਵੇਚਣ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਅਣਗਹਿਲੀ ਕਰਕੇ ਉਹ ਪੁਰਾਣੇ ਹੁਕਮਾਂ ਅਨੁਸਾਰ ਸੁੱਕੀ ਫਸਲ ਲੈ ਕੇ ਮੰਡੀ ’ਚ ਆਏ ਸਨ ਤੇ ਹੁਣ ਖਰੀਦ ਨਾ ਹੋਣ ਕਾਰਨ ਉਹ ਫ਼ਸਲ ਨੂੰ ਘਰ ਵੀ ਨਹੀਂ ਲਿਜਾ ਸਕਦੇ। ਉੱਧਰ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਝੋਨੇ ਦੀ ਖਰੀਦ ਦੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਸਨ ਕਿਉਂਕਿ ਨਮੀ ਵਧਣ ਕਰਕੇ ਇਹ ਘਰਾਂ ’ਚ ਨਹੀਂ ਰੱਖੀ ਜਾ ਸਕਦੀ।
ਝੋਨੇ ਦੀ ਖਰੀਦ ਸਬੰਧੀ ਜਾਰੀ ਪੱਤਰ ਰੱਦ ਕਰਨ ਦੀ ਮੰਗ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਬੀਕੇਯੁੂ ਡਕੌਂਦਾ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਅੱਗੇ ਪਾਉਣ ਸਬੰਧੀ ਜਾਰੀ ਕੀਤਾ ਪੱਤਰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਸਬੰਧੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਕਿਸਾਨਾਂ ਅਤੇ ਹੋਰ ਵਰਗਾਂ ਦਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਪੱਤਰ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਸੂਬਾ ਸਰਕਾਰ ਨੂੰ ਵੀ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਨ ਲਈ ਆਖਿਆ।
ਯੂਥ ਕਾਂਗਰਸ ਵੱਲੋਂ ਮੰਡੀਆਂ ’ਚ ਧਰਨੇ ਅੱਜ
ਪਟਿਆਲਾ (ਖੇਤਰੀ ਪ੍ਰਤੀਨਿਧ): ਯੂਥ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੌਲੀ ਜਲਾਲਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਦਸ ਦਿਨ ਅੱਗੇ ਪਾਉਣ ਦੇ ਰੋਸ ਵਜੋਂ ਯੂਥ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਦੀ ਅਗਵਾਈ ਹੇਠਾਂ ਦੋ ਅਕਤੂਬਰ ਨੂੰ ਪਟਿਆਲਾ ਜ਼ਿਲ੍ਹੇ ਦੀਆਂ ਸਮੂਹ ਅਨਾਜ ਮੰਡੀਆਂ ਵਿਚ ਰੋਸ ਪ੍ਰਰਦਸ਼ਨ ਕੀਤੇ ਜਾਣਗੇ।