ਬੀਰਬਲ ਰਿਸ਼ੀ
ਸ਼ੇਰਪੁਰ, 27 ਅਕਤੂਬਰ
ਪਿੰਡ ਬੜੀ ਵਿਖੇ ਬਾਹਰਲੇ ਇਲਾਕੇ ਦੇ ਝੋਨੇ ਨਾਲ ਭਰੇ ਚਾਰ ਟਰੱਕਾਂ ਨੂੰ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਘੇਰੇ ਜਾਣ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਈ ਘੰਟੇ ਅਣਦੇਖੀ ਦੇ ਮੱਦੇਨਜ਼ਰ ਘਿਰਾਓ ਨੂੰ ਪੱਕੇ ਧਰਨੇ ਵਿੱਚ ਤਬਦੀਲ ਕੀਤੇ ਜਾਣ ਦਾ ਮਾਮਲਾ ਦੇਰ ਰਾਤ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਸ਼ਰਤਾਂ ਮੰਨੇ ਜਾਣ ਮਗਰੋਂ ਨਿਪਟ ਗਿਆ।
ਘਟਨਾਕ੍ਰਮ ਦੇ ਪੂਰੇ ਵੇਰਵੇ ਪ੍ਰੈਸ ਨੂੰ ਦਿੰਦਿਆਂ ਬੀਕੇਯੂ ਡਕੌਂਦਾ ਦੇ ਬਲਾਕ ਆਗੂ ਬਲਵੰਤ ਸਿੰਘ ਛੰਨਾ, ਸੁਖਵਿੰਦਰ ਸਿੰਘ ਲੀਲਾ ਅਤੇ ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ਨੇ ਦੱਸਿਆ ਕਿ ਕਿਸਾਨਾਂ ਨੂੰ ਗਿਲਾ ਸੀ ਕਿ ਸਬੰਧਤ ਸ਼ੈਲਰ ਮਾਲਕ ਐਨ ਨਾਲ ਲਗਦੀ ਮੰਡੀ ’ਚੋਂ 18 ਨਮੀ ਵਾਲਾ ਝੋਨਾ ਚੁੱਕਣ ’ਤੇ ਵੀ ਨੱਕ ਬੁੱਲ੍ਹ ਵੱਟਦੇ ਹਨ ਪਰ ਕਿਹੜੀਆਂ ਮਜਬੂਰੀਆਂ ਜਾਂ ਲਾਲਚਵਸ ਬਟਾਲੇ ਤੋਂ 22 ਨਮੀ ਵਾਲੇ ਚਾਰ ਟਰੱਕ ਮੰਗਵਾ ਕੇ ਝੋਨਾ ਸ਼ੈਲਰ ਵਿੱਚ ਲਗਵਾਇਆ ਜਾ ਰਿਹਾ ਹੈ। ਆਗੂਆਂ ਨੇ ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਧੂਰੀ ਪ੍ਰਮੋਦ ਚੰਦਰ ਕੋਲ ਬਾਹਰਲੇ ਸੂਬਿਆਂ ਦਾ ਝੋਨਾ ਬਟਾਲੇ ਤੋਂ ਪਲਟੀ ਮਾਰ ਕੇ ਲਿਆਉਣ ਦਾ ਖ਼ਦਸ਼ਾ ਜ਼ਾਹਿਰ ਕੀਤਾ। ਆਗੂਆਂ ਅਨੁਸਾਰ ਨਾਇਬ ਤਹਿਸੀਲਦਾਰ ਨੇ ਕਿਸਾਨਾਂ ਵੱਲੋਂ ਰੱਖੀਆਂ ਸ਼ਰਤਾਂ ਕਿ 22 ਨਮੀ ਦੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਟਰੱਕਾਂ ਨੂੰ ਵਾਪਸ ਭੇਜਿਆ ਜਾਵੇ, ਪੂਰੇ ਮਾਮਲੇ ਦੀ ਵਿਭਾਗ ਤੇ ਵਿਜੀਲੈਂਸ ਜਾਂਚ ਅਮਲ ਵਿੱਚ ਲਿਆਂਦੀ ਜਾਵੇ, ਬਾਹਰਲੇ ਟਰੱਕ ਆਉਣ ਨਾਲ ਸਿੱਧੇ ਤੌਰ ’ਤੇ ਪ੍ਰਭਾਵਿਤ ਬੜੀ ਮੰਡੀ ਨੂੰ ਨਮੀ ਮਾਮਲੇ ਵਿੱਚ ਰਾਹਤ ਦਿੱਤੀ ਜਾਵੇ ਅਤੇ ਖ਼ਰੀਦ ਏਜੰਸੀਆਂ ਵੱਲੋਂ ਸ਼ੈਲਰਾਂ ਨੂੰ ਅਲਾਟ ਕੀਤੀਆਂ ਮੰਡੀਆਂ ’ਚੋਂ ਝੋਨਾ ਚੁੱਕੇ ਜਾਣ ਮਗਰੋਂ ਵਧੀਆ ਕਾਰਗੁਜ਼ਾਰੀ ਵਾਲੇ ਸ਼ੈਲਰ ਮਾਲਕਾਂ ਨੂੰ ਹੀ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਦਾ ਝੋਨਾ ਲਾਉਣ ਦਾ ਹੱਕ ਦਿੱਤਾ ਜਾਵੇ। ਨਾਇਬ ਤਹਿਸੀਲਦਾਰ ਨਾਲ ਸੰਪਰਕ ਨਹੀਂ ਹੋ ਸਕਿਆ ਜਦੋਂ ਕਿ ਖਰੀਦ ਇੰਸਪੈਕਟਰ ਨੇ ਮੀਟਿੰਗ ਦਾ ਵੇਰਵਾ ਦਿੰਦਿਆਂ ਗੱਲ ਕਰਨ ਤੋਂ ਬੇਵਸੀ ਜ਼ਾਹਰ ਕੀਤੀ। ਡੀਐਫਐਸਸੀ ਰਵਿੰਦਰ ਕੌਰ ਨੇ ਸੰਪਰਕ ਕਰਨ ’ਤੇ ਕਿਹਾ ਮਾਮਲਾ ਕਾਰਵਾਈ ਅਧੀਨ ਹੈ।