ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਜਨਵਰੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਨੇ ਚੋਣਾਂ ਸਬੰਧੀ ਬੁਲਾਈ ਪਲੇਠੀ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅੰਦਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। 15 ਜਨਵਰੀ 2022 ਤੱਕ ਚੋਣ ਰੈਲੀ, ਰੋਡ ਸ਼ੋਅ, ਪੈਦਲ ਯਾਤਰਾ, ਸਾਈਕਲ ਜਾਂ ਹੋਰ ਵਾਹਨਾਂ ਰਾਹੀਂ ਯਾਤਰਾ ਕਰਨ ਤੇ ਨੁੱਕੜ ਮੀਟਿੰਗਾਂ ਜਾਂ ਸਭਾ ਕਰਨ ਦੀ ਇਜਾਜ਼ਤ ਨਹੀਂ ਹੈ।
ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਹਿੱਤ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ’ਚ ਪੂਰੀ ਚੌਕਸੀ ਰੱਖਣ ਲਈ ਪਹਿਲਾਂ ਹੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਵਿਧਾਨ ਸਭਾ ਚੋਣਾਂ ਲਈ ਉਮੀਦਵਾਰ 21 ਜਨਵਰੀ ਤੋਂ 28 ਜਨਵਰੀ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ ਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 29 ਜਨਵਰੀ ਨੂੰ ਹੋਵੇਗੀ ਤੇ ਕਾਗਜ਼ ਵਾਪਸ ਲੈਣ ਦੀ ਅੰਤਿਮ ਤਾਰੀਖ 31 ਜਨਵਰੀ ਹੈ। ਵਿਧਾਨ ਸਭਾ ਚੋਣਾਂ ਦੌਰਾਨ 9 ਲੱਖ 1 ਹਜ਼ਾਰ 220 ਵੋਟਰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ ਜਿਨ੍ਹਾਂ ਵਿੱਚ 4 ਲੱਖ 77 ਹਜ਼ਾਰ 165 ਪੁਰਸ਼, 4 ਲੱਖ 24 ਹਜ਼ਾਰ 32 ਮਹਿਲਾ ਤੇ 23 ਟਰਾਂਸਜੈਂਡਰ ਵੋਟਰ ਸ਼ਾਮਲ ਹਨ। 80 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ, ਪਰਸਨ ਵਿਦ ਡਿਸਏਬਲਟੀ (ਦਿਵਿਆਂਗ ਵੋਟਰਾਂ), ਕੋਵਿਡ ਪਾਜ਼ੇਟਿਵ ਤੇ ਚੋਣ ਪ੍ਰਕਿਰਿਆ ’ਚ ਤਾਇਨਾਤ ਅਮਲੇ ਲਈ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ। ਉਮੀਦਵਾਰ ਵੱਲੋਂ ਕੀਤੇ ਜਾਣ ਵਾਲੇ ਖਰਚਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਟੀਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਪੋਲਿੰਗ ਸਟੇਸ਼ਨ ਲੋਕੇਸ਼ਨ 593 ਹਨ ਜਦੋਂਕਿ ਪੋਲਿੰਗ ਸਟੇਸ਼ਨ 1006 ਬਣਾਏ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਡਿਫੇਸਮੈਂਟ ਆਫ਼ ਪ੍ਰਾਪਰਟੀ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ 24 ਘੰਟਿਆਂ ’ਚ ਸਰਕਾਰੀ ਇਮਾਰਤਾਂ ਤੋਂ ਤੇ 48 ਘੰਟਿਆਂ ’ਚ ਜਨਤਕ ਸਥਾਨਾਂ ਤੋਂ ਹਰ ਪ੍ਰਕਾਰ ਦੇ ਸਿਆਸੀ ਇਸ਼ਤਿਹਾਰਾਂ ਨੂੰ ਉਤਾਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਤਰਫੋਂ ਸੁਵਿਧਾ ਐਪ, ਸੀ ਵਿਜ਼ਿਲ, ਪੀ.ਡਬਲਿਊ.ਡੀ ਐਪ ਤੇ ਵੋਟਰ ਹੈਲਪਲਾਈਨ ਐਪ ਲਾਂਚ ਕੀਤੀ ਗਈ ਹੈ।
ਜ਼ਿਲ੍ਹਾ ਪੱਧਰ ’ਤੇ 01672-230907 ਅਤੇ ਹਲਕਾ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜਿਨ੍ਹਾਂ ’ਤੇ ਕੋਈ ਵੀ ਨਾਗਰਿਕ ਆਪਣੀ ਸ਼ਿਕਾਇਤ ਜਾਂ ਸੁਝਾਅ ਦਰਜ ਕਰਵਾ ਸਕਦਾ ਹੈ। ਇਸ ਦੇ ਨਾਲ ਹੀ ਹੈਲਪਲਾਈਨ ਨੰਬਰ 1950 ’ਤੇ ਵੀ ਕੋਈ ਸ਼ਿਕਾਇਤ ਜਾਂ ਸੁਝਾਅ ਦਰਜ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੀ ਵਿਜਿਲ ਐਪ ਰਾਹੀਂ ਰਜਿਸਟਰ ਕੀਤੀ ਸ਼ਿਕਾਇਤ ਨੂੰ 100 ਮਿੰਟ ’ਚ ਹੱਲ ਕੀਤਾ ਜਾਵੇਗਾ।