ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਅਗਸਤ
ਜ਼ਿਲਾ ਮੈਜਿਸਟ੍ਰੇਟ ਜਤਿੰਦਰ ਜੋਰਵਾਲ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਕਾਫ਼ੀ ਸਾਰੀਆਂ ਆਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਸਕੂਲਾਂ, ਕਾਲਜਾਂ ਵਿੱਚ ਵੀ ਦਾਖਲਿਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਲਈ ਵਿਦਿਆਰਥੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਆਪਣੇ ਫ਼ਾਰਮਾਂ ਨਾਲ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਬਣਾਉਣ ਲਈ ਫੀਲਡ ਰਿਪੋਰਟ ਕਾਰਨ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਹੁਕਮਾਂ ਵਿਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਵੀ ਫ਼ਾਰਮ ’ਤੇ ਤਸਦੀਕ ਨਿਯਮਾਂ ਅਨੁਸਾਰ ਕਰਵਾਈ ਜਾਣੀ ਜ਼ਰੂਰੀ ਹੈ ਤਾਂ ਸਰਟੀਫਿਕੇਟ ਬਣਾਉਣ ਲਈ ਪਟਵਾਰੀ, ਨੰਬਰਦਾਰ, ਸਰਪੰਚ, ਮੈਂਬਰ ਪੰਚਾਇਤ, ਮਿਊਂਸਿਪਲ ਕੌਂਸਲਰ, ਚੇਅਰਮੈਨ ਜ਼ਿਲਾ ਪਰਿਸ਼ਦ, ਚੇਅਰਮੈਨ ਬਲਾਕ ਸਮਿਤੀ ਦੀ ਤਸਦੀਕ ਵੀ ਮੰਨੀ ਜਾਵੇ। ਹੁਕਮਾਂ ਅਨੁਸਾਰ ਜ਼ਿਲੇ ਅੰਦਰ ਕਿਸੇ ਵੀ ਕਾਲਜ/ਯੂਨੀਵਰਸਿਟੀ ਦੇ ਪ੍ਰਿੰਸੀਪਲ/ਪ੍ਰੋਫ਼ੈਸਰ, ਕਿਸੇ ਵੀ ਸਕੂਲ ਦੇ ਪ੍ਰਿੰਸੀਪਲ, ਹੈੱਡ ਮਾਸਟਰ, ਅਧਿਆਪਕ ਅਤੇ ਕੋਈ ਸਰਕਾਰੀ ਕਰਮਚਾਰੀ ਜੋ ਕਿ ਦਰਖ਼ਾਸਤੀ ਨੂੰ ਜਾਤੀ ਤੌਰ ’ਤੇ ਜਾਣਦੇ ਹੋਣ, ਦੀ ਤਸਦੀਕ ਵੀ ਮੰਨਣਯੋਗ ਹੋਵੇਗੀ। ਹੁਕਮਾਂ ਅਨੁਸਾਰ ਜੇਕਰ ਜ਼ਮੀਨ ਦੀ ਤਸਦੀਕ ਦੀ ਲੋੜ ਪੈਂਦੀ ਹੈ ਤਾਂ ਏਐੱਸਐੱਮ ਫ਼ਰਦ ਕੇਂਦਰ ਤੋਂ ਰਿਪੋਰਟ ਲੈ ਲਈ ਜਾਵੇ।