ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ, 18 ਮਈ
ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਵਿੱਦਿਆ ਦੇ ਭਗਵੇਂਕਰਨ ਖ਼ਿਲਾਫ਼ ਅਤੇ ਕਰਨਾਟਕਾ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਸਿਲੇਬਸ ਨੂੰ ਹਟਾਉਣ ਖ਼ਿਲਾਫ਼ ਅੱਜ ਇੱਥੇ ਸਰਕਾਰੀ ਰਣਬੀਰ ਕਾਲਜ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸਨੂੰ ਭਾਜਪਾ ਸਰਕਾਰ ਵਲੋਂ ਆਰਐੱਸਐੱਸ ਦੇ ਇਸ਼ਾਰੇ ’ਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਦੇਸ਼ ਵਿਰੋਧੀ ਕਾਰਵਾਈ ਕਰਾਰ ਦਿੱਤਾ। ਪੀਐੱਸਯੂ ਆਗੂ ਸੁਖਦੀਪ ਹਥਨ ਨੇ ਦੋਸ਼ ਲਾਇਆ ਕਿ ਸਿੱਖਿਆ ਵਿਚੋਂ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਸਿਲੇਬਸ ਹਟਾ ਕੇ ਉਸ ਦਾ ਭਗਵਾਂਕਰਨ ਕਰਨਾ ਵੀ ਇਸੇ ਨੀਤੀ ਦੀ ਇੱਕ ਕੜੀ ਹੈ। ਇਸ ਮੌਕੇ ਕਾਲਜ ਦੇ ਸੁਖਵਿੰਦਰ ਕੌਰ, ਹਰਮਨਦੀਪ ਕੌਰ, ਰੁਪਿੰਦਰ ਕੌਰ, ਕੁਲਵਿੰਦਰ ਕੌਰ, ਗੁਰਪ੍ਰੀਤ ਸਿੰਘ ਪਲਾਸੌਰ, ਕੁਲਬੀਰ ਸਿੰਘ, ਰਵੀ ਕੌਹਰੀਆਂ ਆਦਿ ਸ਼ਾਮਿਲ ਸਨ।
ਸਮਾਣਾ (ਨਿੱਜੀ ਪੱਤਰ ਪ੍ਰੇਰਕ/ ਪੱਤਰ ਪ੍ਰੇਰਕ): ਪੀਐੱਸਯੂ ਵੱਲੋਂ ਪਬਲਿਕ ਕਾਲਜ ਸਮਾਣਾ ਵਿੱਚ ਕਰਨਾਟਕ ਵਿੱਚ ਦਸਵੀਂ ਜਮਾਤ ਦੇ ਸਿਲੇਬਸ ਵਿੱਚੋਂ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਪਾਠ ਨੂੰ ਕੱਢਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਲਜ ਇਕਾਈ ਪ੍ਰਧਾਨ ਸ਼ੈਂਟੀ ਟੋਡਰਪੁਰ ਅਤੇ ਅਕਸ਼ੇ ਘੱਗਾ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਆਰਐੱਸਐੱਸ ਦਾ ‘ਫਿਰਕੂ ਏਜੰਡਾ’ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਕੇਂਦਰ ਤੇ ਕਰਨਾਟਕ ਸਰਕਾਰਾਂ ਖ਼ਿਲਾਫ਼ ਨਾਅਰੇ ਲਾਉਂਦਿਆਂ ਸ਼ਹੀਦ ਭਗਤ ਸਿੰਘ ਦੇ ਪਾਠ ਨੂੰ ਦਸਵੀਂ ਦੇ ਸਿਲੇਬਸ ਵਿੱਚ ਜਾਰੀ ਰੱਖਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਯੂਨੀਅਨ ਆਰਐੱਸਐੱਸ ਦੇ ਫਾਸ਼ੀਵਾਦੀ ਹੱਲੇ ਨੂੰ ਰੋਕਣ ਲਈ ਦੇਸ਼ ਵਿਆਪੀ ਸੰਘਰਸ਼ ਸ਼ੁਰੂ ਕਰੇਗੀ।