ਪੱਤਰ ਪ੍ਰੇਰਕ
ਲਹਿਰਾਗਾਗਾ, 8 ਅਪਰੈਲ
ਐਂਪਲਾਈਜ਼ ਫੈਡਰੇਸ਼ਨ ਚਾਹਲ ਦੀ ਡਵੀਜ਼ਨ ਲਹਿਰਾਗਾਗਾ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਪੂਰਨ ਸਿੰਘ ਖਾਈ ਨੇ ਦੱਸਿਆ ਕਿ ਬਿਜਲੀ ਵਿਭਾਗ ਵਿੱਚ ਗਰਿਡ ਸਟਾਫ ਦੀਆਂ ਪੋਸਟਾਂ ਘੱਟ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਗਰਿਡਾਂ ਵਿੱਚ ਤੈਨਾਤ ਕਰਮਚਾਰੀਆਂ ਤੇ ਹੋਰ ਵਾਧੂ ਕੰਮ ਦਾ ਬੋਝ ਪਵੇਗਾ। ਇਸ ਸਬੰਧੀ ਬਿਜਲੀ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਬਹੁਤ ਸਾਰੇ ਗਰਿੱਡਾਂ ’ਤੇ ਮੁਲਾਜ਼ਮਾਂ ਦੀ ਘਾਟ ਕਾਰਨ ਸਿਫਟਾਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਹਫ਼ਤਾਵਾਰੀ ਰੈਸਟ ਨਹੀਂ ਮਿਲਦੀ ਤੇ ਨਾ ਹੀ ਸਮੇਂ ਸਿਰ ਓਵਰਟਾਈਮ ਦੀ ਅਦਾਇਗੀ ਹੁੰਦੀ ਹੈ। ਡੀਡੀਓ ਪਾਵਰ ਲਹਿਰਾਗਾਗਾ ਅਧੀਨ ਸਾਲ 2019 ਤੋਂ ਲੈ ਕੇ ਸਾਰੇ ਓਵਰਟਾਈਮ ਬਕਾਇਆ ਪਏ ਹਨ। ਡਵੀਜ਼ਨ ਲਹਿਰਾ ਗਾਗਾ ਦੇ ਪ੍ਰਧਾਨ ਰਾਮ ਚੰਦਰ ਸਿੰਘ ਖਾਈ ਨੇ ਕਿਹਾ ਕਿ ਹੱਕ ਲੈਣ ਲਈ ਲਾਮਬੰਦ ਹੋ ਕੇ ਆਪਣੀ ਗੱਲ ਪਾਵਰਕੌਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਕੋਲ ਰੱਖਣੀ ਚਾਹੀਦੀ ਹੈ। ਇਸ ਮੌਕੇ ਸੁਖਚੈਨ ਸਿੰਘ, ਅਮਨਦੀਪ ਗਰਗ, ਗੁਰਛੈਬਰ ਸਿੰਘ, ਬਲਵਿੰਦਰ ਪਾਲ ਕੌਸਿ਼ਕ, ਸੁਖਵਿੰਦਰ ਸਿੰਘ ਖਾਈ ਨੇ ਸੰਬੋਧਨ ਕੀਤਾ।