ਪੱਤਰ ਪ੍ਰੇਰਕ
ਲਹਿਰਾਗਾਗਾ, 28 ਸਤੰਬਰ
ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਲਾਕ ਲਹਿਰਾਗਾਗਾ ਦੀ ਮੀਟਿੰਗ ਗੁਰਲਾਲ ਸਿੰਘ ਜਲੂਰ ਦੀ ਪ੍ਰਧਾਨਗੀ ’ਚ ਹੋਈ। ਸ੍ਰੀ ਜਲੂਰ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਨਹੀਂ ਥੱਕਦੀ, ਦੂਜੇ ਪਾਸੇ ਖੇਤੀ ਲਾਗਤਾਂ ਦੇ ਭਾਅ ਅਸਮਾਨੀ ਚਾੜ੍ਹ ਦਿੱਤੇ ਹਨ। ਖੇਤੀ ਸੰਦਾਂ ’ਤੇ ਮਿਲ ਰਹੀ ਸਬਸਿਡੀ ਵਿੱਚ ਭਾਰੀ ਕਟੌਤੀ ਕਰਨਾ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਬੇਪਰਦ ਕਰਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਖੇਤੀ ਵਿੱਚ ਵਰਤੋਂ ਵਾਲੇ ਸੰਦਾਂ ’ਤੇ 80 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਸੀ ਜੋ ਹੁਣ ਘਟਾ ਕੇ 50 ਫ਼ੀਸਦੀ ਕਰ ਦਿੱਤੀ ਹੈ। ਸ੍ਰੀ ਜਲੂਰ ਨੇ ਕਿਹਾ ਕਿ ਪੰਜਾਹ ਫ਼ੀਸਦੀ ਸਬਸਿਡੀ ਦਾ ਫਾਈਲਾਂ ਤਿਆਰ ਕਰਨ ਕਰਾਉਣ ਅਤੇ ਅਫ਼ਸਰਾਂ-ਸਨਅਤਾਂ ਦੀ ਕਥਿਤ ਮਿਲੀਭੁਗਤ ਕਾਰਨ ਕਥਿਤ ਰਿਸ਼ਵਤ ਵਿੱਚ ਹੀ ਚਲੀ ਜਾਂਦੀ ਹੈ। ਇਸ ਲਈ ਕਿਸਾਨਾਂ ਨੂੰ ਹੁਣ ਇਹ ਸੰਦ ਲੈਣ ਦਾ ਕੋਈ ਲਾਭ ਨਹੀਂ ਰਿਹਾ। ਉਨ੍ਹਾਂ ਯੂਰੀਆ ਤੇ ਡੀਏਪੀ ਦੀ ਆਰਜ਼ੀ ਥੁੜ੍ਹ ਬਾਰੇ ਕਿਹਾ ਕਿ ਇਹ ਸਰਕਾਰ ਅਤੇ ਦੁਕਾਨਦਾਰਾਂ ਵੱਲੋਂ ਆਰਜ਼ੀ ਥੁੜ੍ਹ ਦਿਖਾਈ ਜਾਂਦੀ ਹੈ। ਇਹ ਨਕਲੀ ਥੁੜ੍ਹ ਦਿਖਾ ਕੇ ਅਣਵਿਕੀਆਂ ਦਵਾਈਆਂ ਆਦਿ ਧੱਕੇ ਨਾਲ ਦਿੱਤੀਆਂ ਜਾਂਦੀਆਂ ਹਨ।