ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 3 ਮਾਰਚ
ਇੱਥੇ ਅੱਜ ਮਾਰਕੀਟ ਕਮੇਟੀ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬਲਾਕ ਪੱਧਰੀ ਮੀਟਿੰਗ ਹੋਈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਨੂੰ ਸਥਾਈ ਮੈਂਬਰ ਵਜੋਂ ਬਾਹਰ ਕੱਢਣ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ, ਮਾਲਵਿੰਦਰ ਸਿੰਘ ਭਵਾਨੀਗੜ੍ਹ, ਅਜੈਬ ਸਿੰਘ,ਜਸਪਾਲ ਸਿੰਘ ਘਰਾਚੋਂ, ਕੁਲਵਿੰਦਰ ਸਿੰਘ ਮਾਝਾ, ਗਿਆਨ ਸਿੰਘ ਨਦਾਮਪੁਰ, ਰਘਵੀਰ ਸਿੰਘ, ਜਗਸੀਰ ਸਿੰਘ, ਕੁਲਜੀਤ ਸਿੰਘ ਅਤੇ ਅਜਮੇਰ ਸਿੰਘ ਆਲੋਅਰਖ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਢੰਗ ਨਾਲ ਭਾਖੜਾ ਬਿਆਸ ਬੋਰਡ ਵਿੱਚੋਂ ਪੰਜਾਬ ਨੂੰ ਬਾਹਰ ਕੱਢਣ ਦੀ ਕੋਝੀ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਦੀ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਗੈਰਕਾਨੂੰਨੀ ਦਖਲਅੰਦਾਜ਼ੀ ਕੀਤੀ ਗਈ ਹੈ, ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਧੱਕੇਸ਼ਾਹੀ ਖਿਲਾਫ 7 ਮਾਰਚ ਨੂੰ ਸੰਗਰੂਰ ਵਿੱਚ ਜ਼ਿਲ੍ਹਾ ਪੱਧਰ ’ਤੇ ਡੀਸੀ ਦਫਤਰ ਸੰਗਰੂਰ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਪਿੰਡਾਂ ਵਿੱਚ ਧਰਨੇ ਦੀ ਤਿਆਰੀ ਕਰਨ ਦੀ ਅਪੀਲ ਕੀਤੀ।