ਗੁਰਦੀਪ ਲਾਲੀ/ਹਰਦੀਪ ਸਿੰਘ ਸੋਢੀ
ਸੰਗਰੂਰ/ਧੂਰੀ, 3 ਜੁਲਾਈ
ਨੈਸ਼ਨਲ ਹੈਲਥ ਮਿਸ਼ਨ ਪੰਜਾਬ ਸਟਾਫ਼ ਨਰਸਿਜ ਐਂਪਲਾਈਜ਼ ਯੂਨੀਅਨ ਨੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਿੱਚ ਸਟਾਫ਼ ਨਰਸਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਦਾ ਵਿਰੋਧ ਕਰਦਿਆਂ ਇਹ ਪੋਸਟਾਂ ਪਿਛਲੇ 20 ਸਾਲ ਤੋਂ ਨੈਸ਼ਨਲ ਹੈਲਥ ਮਿਸ਼ਨ ਅਧੀਨ ਮਾਮੂਲੀ ਤਨਖ਼ਾਹਾਂ ਉੱਪਰ ਕੰਮ ਕਰ ਰਹੀਆਂ ਸਟਾਫ਼ ਨਰਸਾਂ ਦੀਆਂ ਸੇਵਾਵਾਂ ਨੂੰ ਪੂਰੇ ਤਨਖ਼ਾਹ ਸਕੇਲ ਵਿੱਚ ਰੈਗੂਲਰ ਕਰਨ ਦੀ ਮੰਗ ਕੀਤੀ। ਅੱਜ ਜ਼ਿਲ੍ਹਾ ਯੂਨੀਅਨ ਦੇ ਇੱਕ ਵਫ਼ਦ ਵੱਲੋਂ ਕੀਰਤਨ ਕੌਰ ਦੀ ਅਗਵਾਈ ਹੇਠ ਸਹਾਇਕ ਸਿਵਲ ਸਰਜਨ ਸੰਗਰੂਰ ਨੂੰ ਮੰਗ ਪੱਤਰ ਸੌਂਪਦਿਆਂ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੀਆਂ ਸਟਾਫ਼ ਨਰਸਾਂ ਨੂੰ ਸਿਹਤ ਵਿਭਾਗ ਅਧੀਨ ਲਿਆਉਣ ਅਤੇ ਵਿਭਾਗਾਂ ਵਿਚ ਖ਼ਾਲੀ ਪਈਆਂ ਅਸਾਮੀਆਂ ’ਤੇ ਐਡਜਸਟ ਕਰ ਕੇ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ।
ਮੰਗ ਪੱਤਰ ਦੇਣ ਉਪਰੰਤ ਕੀਰਤਨ ਕੌਰ ਤੇ ਅਮਨਦੀਪ ਕੌਰ ਨੇ ਦੱਸਿਆ ਕਿ 20 ਸਾਲ ਤੋਂ ਘੱਟ ਤਨਖ਼ਾਹ ’ਤੇ ਕੰਮ ਕਰਦੀਆਂ ਆ ਰਹੀਆਂ ਸਟਾਫ਼ ਨਰਸਾਂ ਹੁਣ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਅੱਗੇ ਹੋ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਲਗਨ ਨਾਲ ਕੰਮ ਕਰ ਰਹੀਆਂ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਥਾਂ ਸਿੱਧੀ ਭਰਤੀ ਕਰ ਕੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ।
ਊਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਮਿਸ਼ਨ ਅਧੀਨ ਕੰਮ ਕਰਦੀਆਂ ਸਟਾਫ਼ ਨਰਸਾਂ ਇਨਸਾਫ਼ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਵਫ਼ਦ ਵਿੱਚ ਅਮਨਦੀਪ ਕੌਰ , ਸੁਪਿੰਦਰ ਕੌਰ, ਮਨਦੀਪ ਕੌਰ, ਸਰਬਜੀਤ ਕੌਰ, ਲਵਨੀਤ ਕੌਰ, ਵਿਪਨਜੀਤ ਕੌਰ, ਗੁਰਵਿੰਦਰ ਕੌਰ ਤੇ ਪਰਮਜੀਤ ਰਾਣੀ ਸ਼ਾਮਲ ਸਨ।