ਪੱਤਰ ਪ੍ਰੇਰਕ
ਭਵਾਨੀਗੜ੍ਹ, 25 ਅਪਰੈਲ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੀ ਬਲਾਕ ਪੱਧਰੀ ਮੀਟਿੰਗ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਫੱਗੂਵਾਲਾ ਵਿੱਚ ਹੋਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਡੀਏਪੀ ਦੀ ਕੀਮਤ ਵਿੱਚ ਵਾਧਾ, ਕਣਕ ਦੇ ਘੱਟ ਝਾੜ ਕਾਰਨ ਭਾਰੀ ਚਿੰਤਾ ਵਿੱਚ ਡੁੱਬੇ ਕਿਸਾਨਾਂ ਦੇ ਅੱਲੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ। ਉੁਨ੍ਹਾਂ ਇਸ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਮੀਟਿੰਗ ਵਿੱਚ ਸਾਰੇ ਪਿੰਡਾਂ ਨੂੰ ਹਾੜੀ ਦਾ ਫੰਡ ਇਕੱਠਾ ਕਰਨ ਅਤੇ ਪਿਛਲੀ ਛਿਮਾਹੀ ਦੀ ਆਮਦਨ ਤੇ ਖਰਚੇ ਦੀਆਂ ਲਿਸਟਾਂ ਬਣਾ ਕੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਲਾਉਣ ਅਤੇ ਬਲਾਕ ਆਗੂਆਂ ਕੋਲ ਲਿਸਟਾਂ ਜਮ੍ਹਾਂ ਕਰਾਉਣ ਲਈ ਜ਼ੋਰ ਨਾਲ ਆਖਿਆ ਗਿਆ। ਇਸ ਮੌਕੇ ਜਸਵੀਰ ਸਿੰਘ ਗੱਗੜਪੁਰ ਹਰਜਿੰਦਰ ਸਿੰਘ ਘਰਾਚੋਂ, ਅਮਨਦੀਪ ਸਿੰਘ ਮਹਿਲਾਂ, ਬਲਵਿੰਦਰ ਸਿੰਘ ਘਟੌੜ ਜੱਟਾਂ, ਜਗਤਾਰ ਸਿੰਘ ਲੱਡੀ, ਸਤਵਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ ਅਤੇ ਗੁਰਦੇਵ ਸਿੰਘ ਆਲੋਅਰਖ ਆਦਿ ਹਾਜ਼ਰ ਸਨ।