ਜਗਤਾਰ ਸਿੰਘ ਨਹਿਲ
ਲੌਂਗੋਵਾਲ, 18 ਜੁਲਾਈ
ਇਲਾਕੇ ਦੀਆਂ ਜਨਤਕ, ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਵਿੱਚ ਹੋਈ। ਮੀਟਿੰਗ ਦੌਰਾਨ ਦੇਸ਼ ਭਗਤ ਯਾਦਗਾਰ, ਤਰਕਸ਼ੀਲ ਸੁਸਾਇਟੀ ਪੰਜਾਬ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ), ਸ਼ਹੀਦ ਊਧਮ ਸਿੰਘ ਵਿਚਾਰ ਮੰਚ, ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਆਗੂ ਹਾਜ਼ਰ ਹੋਏ। ਇਨ੍ਹਾਂ ਆਗੂਆਂ ਬਲਵੀਰ ਚੰਦ ਲੌਂਗੋਵਾਲ, ਜੁਝਾਰ ਲੌਂਗੋਵਾਲ, ਲਖਵੀਰ ਲੌਂਗੋਵਾਲ, ਕਮਲਜੀਤ ਵਿੱਕੀ, ਅਨਿਲ ਕੁਮਾਰ, ਰਾਕੇਸ਼ ਕੁਮਾਰ, ਦਾਤਾ ਸਿੰਘ ਨਮੋਲ, ਵਿਸਵ ਕਾਂਤ ਆਦਿ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਕਹਿਣ ਦੀ ਸਖ਼ਤ ਨਿਖੇਧੀ ਕਰਦਿਆਂ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅੱਸੀ ਸਾਲ ਦੀ ਉਮਰ ਵਿੱਚ ਵੀ ਸਿਆਸਤ ਦੀ ਲਾਲਸਾ ਰੱਖਣ ਅਤੇ 23 ਸਾਲ ਦੀ ਉਮਰ ਵਿੱਚ ਕੁਰਬਾਨੀ ਕਰਨ ਵਾਲੀ ਸੋਚ ਵਿੱਚ ਫ਼ਰਕ ਸਮਝਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਪੱਖੀ ਸਿਆਸਤਦਾਨਾਂ ਦੇ ਨਾਇਕ ਹੋਰ ਹੁੰਦੇ ਹਨ ਜਦੋਂਕਿ ਆਮ ਲੋਕਾਂ ਤੇ ਕਿਰਤੀਆਂ ਦੇ ਆਗੂ ਹੋਰ। ਉਨ੍ਹਾਂ ਕਿਹਾ ਕਿ ਸ੍ਰੀ ਮਾਨ ਵੱਲੋਂ ਸ਼ਹੀਦ-ਏ-ਆਜਮ ਬਾਰੇ ਟਿਪਣੀਆਂ ਕਰਨਾ ਨਿੰਦਣਯੋਗ ਹੈ। ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਭਾਰਤੀ ਕਿਰਤੀਆਂ ਲਈ ਹਮੇਸ਼ਾ ਰਾਹ ਦਸੇਰਾ ਰਹੇਗੀ।
ਇਸ ਮੌਕੇ ਸੰਦੀਪ ਸਿੰਘ, ਗੁਰਮੇਲ ਸਿੰਘ, ਭਾਗ ਸਿੰਘ, ਹਰਦੀਪ ਸਿੰਘ, ਬੱਗਾ ਸਿੰਘ ਨਮੋਲ ਆਦਿ ਹਾਜ਼ਰ ਸਨ।