ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜਨਵਰੀ
ਪੰਜਾਬ ਸਰਕਾਰ ਵੱਲੋਂ ਵਿੱਦਿਅਕ ਸੰਸਥਾਵਾਂ ਬੰਦ ਕਰਨ ਦੇ ਫੈਸਲੇ ਦਾ ਪੰਜਾਬੀ ਯੂਨੀਵਰਸਿਟੀ ਵਿੱਚਲੀਆ ਪੰਜ ਵਿਦਿਆਰਥੀ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ। ਇਨ੍ਹਾਂ ਜਥੇਬੰਦੀਆਂ ਵੱਲੋ ਖੁੱਲ੍ਹੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਲਏ ਗਏ ਫੈਸਲੇ ਦੌਰਾਨ ਪ੍ਰਸ਼ਾਸਨ ਵੱਲੋਂ ਵਿਦਿਅਕ ਅਦਾਰੇ ਬੰਦ ਕਰਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ, ਯੂਨੀਵਰਸਿਟੀ ਨੂੰ ਬੰਦ ਨਾ ਹੋਣ ਦੇਣ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਐਲਾਨ ਕੀਤਾ ਗਿਆ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਯੂਨੀਵਰਸਿਟੀ, ਹੋਸਟਲ, ਲਾਇਬ੍ਰੇਰੀ ਜਾਂ ਮੈੱਸ ਆਦਿ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਵਿਰੋਧ ਕੀਤਾ ਜਾਵੇਗਾ। ਮੀਟਿੰਗ ’ਚ ਪੀਐੱਸ.ੂ. (ਲਲਕਾਰ) ਵੱਲੋਂ ਗੁਰਪ੍ਰੀਤ, ਏਆਈਐਸਐਫ ਵੱਲੋਂ ਵਰਿੰਦਰ, ਐਸਐਫਆਈ ਵੱਲੋਂ ਅੰਮ੍ਰਿਤਪਾਲ, ਪੀਆਰਐਸਯੂ ਵੱਲੋਂ ਰਸ਼ਪਿੰਦਰ ਜਿੰਮੀ ਤੇ ਪੀ.ਐਸ.ਯੂ. ਵੱਲੋਂ ਅਮਨਦੀਪ ਆਦਿ ਸ਼ਾਮਲ ਸਨ।
ਲਹਿਰਾਗਾਗਾ (ਪੱਤਰ ਪ੍ਰੇਰਕ): ਲੋਕ ਚੇਤਨਾ ਮੰਚ ਲਹਿਰਾਗਾਗਾ ਨੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਹੋਰਨਾਂ ਨੇ ਕਿਹਾ ਕਿ ਚੋਣ ਰੈਲੀਆਂ ਜਾਰੀ ਹਨ ਪਰ ਸਕੂਲ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ/ਕਾਲਜ ਬੰਦ ਹੋਣ ਨਾਲ ਪੜ੍ਹਾਈ ’ਤੇ ਮਾੜਾ ਅਸਰ ਪਵੇਗਾ।
ਰਾਜਨੀਤਕ ਰੈਲੀਆਂ ਤੇ ਪਾਬੰਦੀ ਲਾਉਣ ਦੀ ਮੰਗ
ਧੂਰੀ (ਖੇਤਰੀ ਪ੍ਰਤੀਨਿਧ): ਪੰਜਾਰ ਸਰਕਾਰ ਵੱਲੋਂ ਕਰੋਨਾ ਕੇਸਾਂ ’ਚ ਵਾਧੇ ਦੇ ਮੱਦੇਨਜ਼ਰ ਸੂਬੇ ’ਚ 15 ਜਨਵਰੀ ਤੱਕ ਸਕੂਲ, ਕਾਲਜ ਬੰਦ ਕਰਨ ਦਾ ਫ਼ੈਸਲੇ ਦਾ ਪੰਜਾਬ ਦੇ ਸਾਰੇ ਸਕੂਲਾਂ ਦੀ ਸਾਂਝੀ ਫੈਡਰੇਸ਼ਨ ਨੇ ਵਿਰੋਧ ਕੀਤਾ ਹੈ। ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਕੂਲ, ਕਾਲਜ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ ਉਪਰੋ ਸਰਕਾਰ ਦੇ ਅਜਿਹੇ ਫੈਸਲੇ ਸਕੂਲ ਤੇ ਕਾਲਜਾਂ ਨੂੰ ਹੋਰ ਕਮਜ਼ੋਰ ਕਰ ਦੇਣਗੇ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਕਰੋਨਾ ਮਹਾਮਾਰੀ ਫੈਲਣ ਦਾ ਇਨ੍ਹਾਂ ਹੀ ਡਰ ਹੈ ਤਾਂ ਸਕੂਲਾਂ, ਕਾਲਜਾਂ ਦੇ ਨਾਲ-ਨਾਲ ਰਾਜਨੀਤਕ ਰੈਲੀਆਂ ’ਤੇ ਵੀ ਪਾਬੰਦੀ ਲਾਈ ਜਾਵੇ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਤੀਨਿਧਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਇੱਕ ਦੋ-ਦਿਨ ਮਾਹੌਲ ਦੇਖਣਗੇ, ਜੇਕਰ ਸੂਬੇ ਵਿੱਚ ਕੋਈ ਵੀ ਰਾਜਨੀਤਿਕ ਇਕੱਠ ਹੁੰਦਾ ਹੈ ਤਾਂ ਸਕੂਲ ਤੁਰੰਤ ਖੋਲ੍ਹ ਦਿੱਤੇ ਜਾਣਗੇ।