ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 28 ਫਰਵਰੀ
‘ਸਹਾਇਤਾ’ ਐੱਨਜੀਓ ਭਾਰਤ ਦੇ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਵੱਲੋਂ ਜਾਗਦਾ ਪੰਜਾਬ ਤੇ ਸਹਾਇਤਾ ਐਨਜੀਓ ਦੇ ਜ਼ਿਲ੍ਹਾ ਕੁਆਰਡੀਨੇਟਰ ਰਣਜੀਤ ਸਿੰਘ ਸ਼ੀਤਲ ਦੀ ਅਗਵਾਈ ਹੇਠ ਅੱਜ ਇੱਥੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਕੰਪਿਊਟਰ ਟਰੇਨਿੰਗ ਸੈਂਟਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਜਾਗਦਾ ਪੰਜਾਬ ਦੇ ਮੁਖੀ ਡਾ. ਕਰਮਜੀਤ ਸਿੰਘ ਸਰਾਂ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਸਵਰਨਦੀਪ ਸਿੰਘ ਹੁੰਦਲ, ਅਵਿਨਾਸ਼ ਰਾਣਾ, ਪ੍ਰਦੀਪ ਬੋਬੀ ਆਦਿ ਹਾਜ਼ਰ ਸਨ।
ਡਾ. ਕਰਮਜੀਤ ਸਰਾਂ ਨੇ ਦੱਸਿਆ ਕਿ ‘ਸਹਾਇਤਾ’ ਸੰਸਥਾ ਦੇ ਉਦਮ ਨਾਲ ‘ਜਾਗਦਾ ਪੰਜਾਬ’ ਵੱਲੋਂ ਮਿਲ ਕੇ ਜਿਹੜਾ ਇਹ ਮੁਫ਼ਤ ਕੰਪਿਊਟਰ ਟਰੇਨਿੰਗ ਸੈਂਟਰ ਚਾਲੂ ਕੀਤਾ ਗਿਆ ਹੈ ਇਸ ਵਿੱਚ ਉਨ੍ਹਾਂ ਕਿਰਤੀ ਕਿਸਾਨਾਂ ਦੇ ਬੱਚਿਆਂ ਨੂੰ ਬੇਸਿਕ ਕੰਪਿਊਟਰ, ਟਾਈਪਿੰਗ ਤੇ ਨੈੱਟਵਰਕ ਦੀ ਟਰੇਨਿੰਗ ਦਿੱਤੀ ਜਾਵੇਗੀ ਜੋ ਪ੍ਰਾਈਵੇਟ ਕੰਪਿਊਟਰ ਸੈਂਟਰਾਂ ਦੀ ਫੀਸ ਨਹੀਂ ਦੇ ਸਕਦੇ। ਇਸ ਦਾ ਸਾਰਾ ਖਰਚਾ ਸਹਾਇਤਾ ਸੰਸਥਾ ਵੱਲੋਂ ਕੀਤਾ ਜਾਵੇਗਾ ਤੇ ਸੈਂਟਰ ਵਿੱਚ ਬੱਚਿਆਂ ਨੂੰ ਜਾਗਦਾ ਪੰਜਾਬ ਮਿਸ਼ਨ ਦੇ ਉਦੇਸ਼ਾਂ, ਮੁੱਢ ਤੋਂ ਆਪਣੇ ਅਧਿਕਾਰਾਂ ਤੇ ਹੋਰ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਹਾਇਤਾ ਵੱਲੋਂ ਪੰਜਾਬ ਤੇ ਇਸ ਇਲਾਕੇ ਵਿੱਚ ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਦੀ ਸਮੁੱਚੀ ਪੜ੍ਹਾਈ ਦਾ ਵੀ ਖਰਚਾ ਚੁੱਕਿਆ ਗਿਆ ਹੈ ਜੋ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਹਨ ਜਾਂ ਕਿਸਾਨੀ ਮੋਰਚੇ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਡਾ. ਸਵਰਨਦੀਪ ਸਿੰਘ ਹੁੰਦਲ ਨੇ ਕਿਹਾ ਕਿ ਦਿੜ੍ਹਬਾ ਵਿੱਚ ਕੰਪਿਊਟਰ ਸੈਂਟਰ ਖੋਲ੍ਹਣ ਦਾ ਜਾਗਦਾ ਪੰਜਾਬ ਤੇ ਸਹਾਇਤਾ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ ਹੈ। ਡਾ. ਰਾਜਿੰਦਰ ਸਿੰਘ ਰਾਜੀ ਨੇ ਕਿਹਾ ਕਿ ਜਿਸ ਤਰ੍ਹਾਂ ਸਹਾਇਤਾ ਵੱਲੋਂ ਦੇਸ਼ ਦੇ ਹੋਰਨਾਂ ਰਾਜਾਂ ਤੇ ਪੰਜਾਬ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਕੰਪਿਊਟਰ ਟਰੇਨਿੰਗ ਸੈਂਟਰ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ, ਉਸੇ ਤਰ੍ਹਾਂ ਇੱਥੇ ਵੀ ਸਾਰੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ।