ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 31 ਦਸੰਬਰ
ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨੀ ਗਈ ਲੜਕੀ ਨਰਿੰਦਰ ਕੌਰ ਭਰਾਜ ਦਾ ਕਹਿਣਾ ਹੈ ਕਿ ਜਦੋਂ ਆਮ ਘਰਾਂ ਦੇ ਧੀਆਂ-ਪੁੱਤ ਰਾਜਨੀਤੀ ’ਚ ਆਉਣਗੇ ਤਾਂ ਰਾਜ ਪ੍ਰਬੰਧ ਬਦਲੇਗੀ। ਉਹ ਆਮ ਕਿਸਾਨ ਦੀ ਧੀ ਹੈ ਜਿਸ ਨੂੰ ਆਮ ਆਦਮੀ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਨਰਿੰਦਰ ਕੌਰ ਭਰਾਜ ਪਾਰਟੀ ਉਮੀਦਵਾਰ ਬਣਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਆਮ ਕਿਸਾਨ ਦੀ ਧੀ ਬਣ ਕੇ ਹੀ ਲੋਕਾਂ ਵਿੱਚ ਵਿਚਰਦੀ ਰਹੀ ਹੈ ਅਤੇ ਲੋਕਾਂ ਨਾਲ ਹੋ ਰਹੀ ਜ਼ਿਆਦਤੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਉਠਾਉਂਦੀ ਰਹੀ ਹੈ ਅਤੇ ਅੱਗੇ ਵੀ ਉਠਾਉਂਦੀ ਰਹੇਗੀ। ਚੋਣ ਲੜਨ ਬਾਰੇ ਵੱਡੇ ਫੰਡਾਂ ਦੀ ਲੋੜ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਲੋਕਾਂ ਦੇ ਪਿਆਰ ਅਤੇ ਸਾਥ ਅੱਗੇ ਫੰਡਾਂ ਦੀ ਕੋਈ ਅਹਿਮੀਅਤ ਨਹੀਂ ਹੈ। ਜੇਕਰ ਲੋਕਾਂ ਦੇ ਸਾਥ ਨੇ ਇੱਥੋਂ ਤੱਕ ਪਹੁੰਚਾਇਆ ਤਾਂ ਅੱਗੇ ਵੀ ਲੋਕ ਖੁਦ ਹੀ ਉਸ ਦੀ ਚੋਣ ਮੁਹਿੰਮ ਨੂੰ ਚਲਾਉਣਗੇ। ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਦੀ ਹੁਣ ਤੱਕ ਦੀ ਰਾਜਨੀਤੀ ਇਮਾਨਦਾਰ ਨਹੀਂ ਰਹੀ। ਇਹੀ ਕਾਰਨ ਹੈ ਕਿ ਲੋਕ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਸਿਹਤ ਤੇ ਸਿੱਖਿਆ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਪੰਜਾਬ ਦੇ ਗੰਧਲੇ ਸਿਆਸੀ ਸਿਸਟਮ ਕਾਰਨ ਨੌਜਵਾਨ ਵਿਦੇਸ਼ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਦਿੱਲੀ ਦੀ ਤਰਜ਼ ’ਤੇ ਲੋਕਾਂ ਨੂੰ ਮੁਫ਼ਤ ਸਿਹਤ ਅਤੇ ਸਿੱਖਿਆ ਸਹੂਲਤਾਂ ਮਿਲਣਗੀਆਂ। ਸੰਗਰੂਰ ਹਲਕੇ ’ਚ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਘਾਟ ਨੂੰ ਪੂਰਾ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੌਜ਼ਵਾਨਾਂ ਲਈ ਰੁਜ਼ਗਾਰ ਦੀ ਗਾਰੰਟੀ ਦਾ ਵੀ ਜਲਦ ਐਲਾਨ ਕਰਨਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ, ਬਲਾਕ ਪ੍ਰਧਾਨ ਚਰਨਜੀਤ ਚੰਨੀ, ਮਨਦੀਪ ਲੱਖੇਵਾਲ ਅਤੇ ਹੋਰ ਅਹੁਦੇਦਾਰ ਮੌਜੂਦ ਸਨ।