ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 18 ਜੂਨ
ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਅਕਾਲੀ ਦਲ (ਸੰਯੁਕਤ)-ਭਾਜਪਾ ਦੇ ਸਾਂਝੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਅੱਜ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ, ਮੋੜਾਂ, ਰੋਗਲਾ, ਛਾਹੜ ਤੇ ਛਾਜਲੀ ਆਦਿ ਦਰਜਨ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ। ਰੈਲੀਆਂ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ,‘ਅਕਾਲੀ ਅਤੇ ਕਾਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਵੇਂ ਬਦਲ ਵਿੱਚ ਲਿਆਂਦਾ ਸੀ ਪਰ ਹੁਣ ਲੋਕਾਂ ਲਈ ਇਹ ਬਦਲਾਅ ਉਲਟਾ ਹੋ ਗਿਆ ਹੈ ਤੇ ਲੋਕ ਕਹਿ ਰਹੇ ਹਨ ਕਿ ਜਿਹੜੀ ਸਰਕਾਰ ਅਸੀਂ ਉਮੀਦਾਂ ਨਾਲ ਚੁਣੀ ਸੀ ਉਸ ਨੇ ਸਾਡੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ ਕਿਉਂਕਿ ਜਿਹੜੇ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋ ਰਹੇ ਅਤੇ ਇਸ ਸਰਕਾਰ ਨੇ ਸਭ ਤੋਂ ਵੱਡਾ ਧੋਖਾ ਔਰਤਾਂ ਨਾਲ ਕੀਤਾ ਕਿਉਂਕਿ ਔਰਤਾਂ ਨੂੰ ਅਜੇ ਤੱਕ ਹਜ਼ਾਰ ਰੁਪਏ ਨਹੀਂ ਮਿਲਿਆ।
ਉਨ੍ਹਾਂ ਵਾਅਦਾ ਕੀਤਾ ਕਿ ਜਿੱਤਣ ਤੋਂ ਬਾਅਦ 2 ਸਾਲਾਂ ਵਿੱਚ ਵੱਧ ਤੋਂ ਵੱਧ ਸਹੂਲਤਾਂ ਲਿਆਂਦੀਆਂ ਜਾਣਗੀਆਂ ਤੇ ਨੌਜਵਾਨਾਂ ਦੀ ਸਹੂਲਤ ਲਈ ਸੰਗਰੂਰ ’ਚ ਇੰਟਰਨੈਸ਼ਨਲ ਏਅਰ ਪੋਰਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਤੇ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹਨ ਅਤੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਭਾਜਪਾ ਹੀ ਸੂਬੇ ਅਤੇ ਦੇਸ਼ ਨੂੰ ਖੁਸ਼ਹਾਲ ਬਣਾ ਸਕਦੀ ਹੈ ਜਿਸ ਕਰਕੇ ਲੋਕਾਂ ਦਾ ਉਨ੍ਹਾਂ ਨੂੰ ਵੱਡਾ ਸਮੱਰਥਨ ਮਿਲ ਰਿਹਾ ਹੈ। ਉਹਨਾਂ ਲੋਕਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ।