ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਨਵੰਬਰ
ਮੁੱਖ ਅੰਸ਼
- ਫਲ ਤੇ ਸਬਜ਼ੀਆਂ ਨੂੰ ਆਰਜ਼ੀ ਤੌਰ ’ਤੇ ਕੀਤਾ ਜਾ ਸਕੇਗਾ ਸਟੋਰ
- ਬਾਗਬਾਨੀ ਵਿਭਾਗ ਵੱਲੋਂ ਡੇਢ ਲੱਖ ਰੁਪਏ ਦੀ ਦਿੱਤੀ ਜਾਵੇਗੀ ਰਿਆਇਤ
ਸੂਬੇ ਦੇ ਬਾਗਬਾਨੀ ਵਿਭਾਗ ਨੇ ਬਾਗਬਾਨੀ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਵਾਸਤੇ ਫਲ, ਸਬਜ਼ੀਆਂ, ਖੁੰਬਾਂ, ਸ਼ਹਿਦ ਜਾਂ ਫੁੱਲਾਂ ਆਦਿ ਨੂੰ ਥੋੜੇ ਸਮੇਂ ਲਈ ਸਟੋਰ ਕਰਨ ਲਈ ਆਨ ਫਾਰਮ ਕੋਲਡ ਰੂਮਾਂ ਦੀ ਸਕੀਮ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਕਿਸਾਨ ਕੋਲਡ ਰੂਮ ਦੀ ਉਸਾਰੀ ਲਈ ਆਨਲਾਈਨ ਅਪਲਾਈ ਕਰ ਸਕਣਗੇ। ਹੁਣ ਤੱਕ ਤਿੰਨ ਕੋਲਡ ਰੂਮ ਕਿਸਾਨਾਂ ਨੂੰ ਲਗਵਾਏ ਗਏ ਹਨ।
ਇਸ ਸਬੱਘ ਵਿੱਚ ਡਿਪਟੀ ਡਾਇਰੈਕਟਰ ਬਾਗਬਾਨੀ, ਸੰਗਰੂਰ ਨਿਰਵੰਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਗਬਾਨੀ ਫਸਲਾਂ ਨੂੰ ਤੁੜਾਈ ਉਪਰੰਤ ਹਰ ਰੋਜ਼ ਮੰਡੀ ਵਿੱਚ ਲਿਜਾਣਾ ਪੈਂਦਾ ਹੈ। ਕਈ ਵਾਰੀ ਫਸਲ ਮੰਡੀ ਵਿੱਚ ਜ਼ਿਆਦਾ ਆਉਣ ਕਰਕੇ ਕਾਸ਼ਤਕਾਰਾਂ ਨੂੰ ਵਾਜਬਿ ਰੇਟ ਨਹੀਂ ਮਿਲਦਾ। ਇਸ ਕਰਕੇ ਕਾਸ਼ਤਕਾਰਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ। ਇਸ ਲਈ ਵਿਭਾਗ ਵੱਲੋਂ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ ਸਕੀਮ ਤਹਿਤ ਕਿਸਾਨਾਂ ਨੂੰ ਆਨ ਫਾਰਮ ਕੋਲਡ ਰੂਮ ਲਗਵਾਏ ਜਾਣਗੇ। ਇਸ ਵਿੱਚ ਕਿਸਾਨ ਆਪਣੀ ਫਸਲ ਕੁਝ ਸਮੇਂ ਲਈ ਸਟੋਰ ਕਰ ਸਕਦਾ ਹੈ।
ਇਸ ਕੋਲਡ ਰੂਮ ਵਿੱਚ 3 ਟਨ ਸਬਜ਼ੀ ਜਾਂ ਫਲ ਸਟੋਰ ਕੀਤਾ ਜਾ ਸਕਦਾ ਹੈ ਜਿਸ ਦੀ ਕੁੱਲ ਕੀਮਤ 3.00 ਲੱਖ ਰੁਪਏ ਦੇ ਲਗਪਗ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 1.5 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਕਮਰੇ ਦਾ ਸਾਈਜ਼ 10 ਫੁੱਟ x 10 ਫੁੱਟ ਦਾ ਹੋਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਸਕੀਮ ਦਾ ਵਧੇਰੇ ਲਾਭ ਲੈਣ ਲਈ ਵਿਭਾਗ ਦੇ ਬਾਗਬਾਨੀ ਵਿਕਾਸ ਅਫਸਰਾਂ ਜਾਂ ਜ਼ਿਲ੍ਹੇ ਪੱਧਰ ਦੇ ਦਫਤਰ ਨਾਲ ਸੰਪਰਕ ਕਰਨ ਦਾ ਸੁਝਾਅ ਦਿੱਤਾ।