ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 26 ਅਕਤੂਬਰ
ਇਥੋਂ ਨੇੜਲੇ ਪਿੰਡ ਭੋਗੀਵਾਲ ਵਿੱਚ ਐੱਸਬੀਆਈ ਬੈਂਕ ਬ੍ਰਾਂਚ ਵਿੱਚ ਦੋ ਔਰਤਾਂ ਨੇ ਸੇਵਾ-ਮੁਕਤ ਅਧਿਆਪਕ ਦੇ ਇੱਕ ਲੱਖ ਰੁਪਏ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਵਾਸੀ ਫਲੌਂਡ ਕਲਾਂ ਨੇ ਦੱਸਿਆ ਕਿ ਉਹ ਆਪਣੇ ਪਿਤਾ ਸੇਵਾ-ਮਕਤ ਅਧਿਆਪਕ ਨਾਜਰ ਸਿੰਘ ਨਾਲ ਐੱਸਬੀਆਈ ਬ੍ਰਾਂਚ ਭੋਗੀਵਾਲ ਵਿੱਚ ਬੈਂਕ ਖਾਤੇ ’ਚੋਂ 1.50,000 ਰੁਪਏ ਕਢਵਾਉਣ ਆਇਆ ਸੀ। ਜਦੋਂ ਉਹ ਖੁਦ ਬੈਂਕ ਦੀ ਕਾਪੀ ਵਿੱਚ ਐਂਟਰੀ ਕਰਵਾਉਣ ਲਈ ਰੁੱਝ ਗਿਆ ਤਾਂ ਉਸ ਦੇ ਪਿਤਾ ਨੇ ਕੈਸ਼ੀਅਰ ਕੋਲੋਂ ਪੈਸੇ ਕਢਵਾ ਲਏ। ਇਸ ਦੌਰਾਨ ਲਾਈਨ ਵਿੱਚ ਪਿੱਛੇ ਲੱਗੀਆਂ ਦੋ ਔਰਤਾਂ ਨੇ ਉਨ੍ਹਾਂ ਦੇ ਬੈਗ ’ਤੇ ਬਲੇਡ ਜਾਂ ਕਿਸੇ ਹੋਰ ਤਿੱਖੀ ਵਸਤੂ ਨਾਲ ਕੱਟ ਲਗਾਇਆ ਤੇ ਇਕ ਲੱਖ ਰੁਪਏ ਦੀ ਰਕਮ ਚੋਰੀ ਕਰ ਲਈ। ਇਸ ਮਗਰੋਂ ਪੁਲੀਸ ਨੂੰ ਧਟਨਾ ਬਾਰੇ ਸੂਚਿਤ ਕੀਤਾ ਗਿਆ।
ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ
ਥਾਣਾ ਅਹਿਮਦਗੜ੍ਹ (ਸਦਰ) ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਔਰਤਾਂ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਨਜ਼ਰ ਆ ਰਹੀਆਂ ਹਨ। ਪੁਲੀਸ ਵੱਲੋਂ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਔਰਤਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।