ਪੱਤਰ ਪ੍ਰੇਰਕ
ਭਵਾਨੀਗੜ੍ਹ, 4 ਜੁਲਾਈ
ਇੱਥੋਂ ਦੀ ਪੁਲੀਸ ਨੇ ਆਪਣੇ-ਆਪ ਨੂੰ ਸੀਆਈਏ ਦਾ ਥਾਣੇਦਾਰ ਦੱਸ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਵਿਅਕਤੀ ਨਾਲ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ। ਇਸ ਸਬੰਧੀ ਸੁਰਜੀਤ ਸਿੰਘ ਵਾਸੀ ਨੂਰਪੁਰਾ ਥਾਣਾ ਭਵਾਨੀਗੜ੍ਹ ਨੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਲੜਕੇ ਦਰਸ਼ਨ ਸਿੰਘ ਦੀ ਰਾਹੁਲ ਨਰੂਲਾ ਨਾਂ ਦੇ ਵਿਅਕਤੀ ਨਾਲ ਜਾਣ-ਪਛਾਣ ਹੋ ਗਈ। ਮੁਲਜ਼ਮ ਨੇ ਕਿਹਾ ਕਿ ਉਹ ਸੀਆਈਏ ‘ਚ ਐੱਸਐੱਚਓ ਹੈ ਅਤੇ ਉਸ ਦੇ ਸਾਢੂ ਦੀ ਅਮਰੀਕਾ ਵਿੱਚ 2,500 ਏਕੜ ਜ਼ਮੀਨ ਹੈ ਜਿਸ ਲਈ ਉੱਥੇ ਉਸ ਨੂੰ ਕੰਮ ਲਈ ਲੜਕਿਆਂ ਦੀ ਜ਼ਰੂਰਤ ਹੈ। ਉਸ ਨੇ ਦਰਸ਼ਨ ਸਿੰਘ ਨੂੰ ਕਿਹਾ ਕਿ ਉਹ ਉਸ ਨੂੰ ਅਮਰੀਕਾ ਭੇਜ ਦੇਵੇਗਾ ਜਿਸ ਲਈ ਡੇਢ ਲੱਖ ਰੁਪਏ ਅਡਵਾਂਸ ਦੇਣਾ ਪਵੇਗਾ ਤੇ ਬਾਕੀ 22 ਲੱਖ ਰੁਪਏ ਤਨਖਾਹ ’ਚੋਂ ਕਿਸ਼ਤਾਂ ਵਿੱਚ ਕੱਟ ਲਏ ਜਾਣਗੇ।
ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੇ ਲੜਕੇ ਨੇ ਉਕਤ ਵਿਅਕਤੀ ਦੀਆਂ ਗੱਲਾਂ ’ਚ ਆ ਕੇ ਆਪਣਾ ਪਾਸਪੋਰਟ ਅਤੇ ਹੋਰ ਜ਼ਰੂਰੀ ਕਾਗਜ਼ਾਤ ਦੇ ਦਿੱਤੇ ਅਤੇ ਦੋ ਤਿੰਨ ਵਾਰੀ ’ਚ ਡੇਢ ਲੱਖ ਰੁਪਏ ਵੀ ਦੇ ਦਿੱਤੇ। ਇਸ ਮਗਰੋਂ ਕੁਝ ਮਹੀਨਿਆਂ ਬਾਅਦ ਪੁੱਛਣ ’ਤੇ ਉਕਤ ਵਿਅਕਤੀ ਨੇ ਕੋਈ ਰਾਹ ਨਾ ਦਿੱਤਾ ਅਤੇ ਦਬਾਅ ਪਾਉਣ ’ਤੇ ਧਮਕਾਉਣ ਲੱਗਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਨਾ ਹੀ ਵੀਜ਼ਾ ਲਗਵਾਇਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਜ਼ਿਲ੍ਹਾ ਪੁਲੀਸ ਮੁਖੀ ਦੇ ਹੁਕਮਾਂ ’ਤੇ ਭਵਾਨੀਗੜ੍ਹ ਪੁਲੀਸ ਨੇ ਕਾਰਵਾਈ ਕਰਦਿਆਂ ਰਾਹੁਲ ਨਰੂਲਾ ਵਾਸੀ ਪਿੰਡ ਰਿਉਣਾ ਨੀਵਾਂ (ਫਤਿਹਗੜ੍ਹ ਸਾਹਿਬ) ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਭਵਾਨੀਗੜ੍ਹ ਵਿੱਚ ਕੇਸ ਦਰਜ ਕਰ ਲਿਆ ਹੈ।