ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਜੁਲਾਈ
ਇਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਵਿੱਚ ਅੱਜ ਤੀਜੇ ਦਿਨ ਵੀ ਪੇਚਸ਼ ਦੇ 3 ਨਵੇਂ ਮਰੀਜ਼ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 73 ਹੋ ਗਈ।
ਪਿੰਡ ਵਿੱਚ ਸਿਹਤ ਵਿਭਾਗ ਦੀ ਟੀਮ ਸਮੇਤ ਹਾਜ਼ਰ ਐੱਸਐੱਮਓ ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਪਿੰਡ ਦੀ ਮਲੇਰ ਪੱਤੀ ਦੇ ਘਰਾਂ ਵਿੱਚ ਲੋਕ ਦੂਸ਼ਿਤ ਪਾਣੀ ਪੀਣ ਨਾਲ ਪੇਚਸ਼ ਦੀ ਲਪੇਟ ਵਿੱਚ ਆ ਗਏ ਸਨ। ਅੱਜ 3 ਮਰੀਜ਼ ਆਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਥਿਤੀ ਕਾਬੂ ਹੇਠ ਹੈ। ਪਿੰਡ ਵਾਸੀਆਂ ਨੂੰ ਸ਼ੁੱਧ ਤੇ ਉਬਲਿਆ ਪਾਣੀ-ਪੀਣ ਅਤੇ ਓਆਰਐੱਸ ਦਾ ਘੋਲ ਲੈਣ ਦੀ ਅਪੀਲ ਕੀਤੀ ਗਈ ਹੈ। ਪਿੰਡ ਦੀ ਟੈਂਕੀ ਦਾ ਪਾਣੀ ਦੀ ਥਾਂ ਫਿਲਹਾਲ ਲੋਕਾਂ ਲਈ ਸ਼ਹਿਰ ਤੋਂ ਟੈਂਕਰਾਂ ਰਾਹੀਂ ਪਾਣੀ ਮੰਗਵਾਇਆ ਜਾ ਰਿਹਾ ਹੈ। ਵਿਭਾਗ ਦੀ ਟੀਮ ਵਿੱਚ ਡਾ. ਰੋਨਿਤ ਸਿੰਘ, ਸੀਐੱਚਓ ਸੰਦੀਪ ਕੌਰ, ਆਸ਼ਾ ਵਰਕਰਜ਼, ਏਐੱਨਐੱਮ ਅਤੇ ਮੇਲ ਵਰਕਰਜ਼ ਸ਼ਾਮਲ ਹਨ।