ਪੱਤਰ ਪ੍ਰੇਰਕ
ਭਵਾਨੀਗੜ੍ਹ, 25 ਅਕਤੂਬਰ
ਇੱਥੇ ਸ੍ਰੀ ਵਿਸ਼ਵਕਰਮਾ ਮੰਦਰ ਸੁਸਾਇਟੀ ਵੱਲੋਂ ਅੱਜ ਵਿਸ਼ਵਕਰਮਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੇ ਸ਼ੁਰੂ ਵਿੱਚ ਝੰਡੇ ਦੀ ਰਸਮ ਜਸਵਿੰਦਰ ਸਿੰਘ ਜੱਜ ਨੇ ਨਿਭਾਈ। ਹਲਕਾ ਵਿਧਾਇਕ ਭਰਾਜ ਨੇ ਆਪਣੇ ਸੰਬੋਧਨ ਵਿੱਚ ਭਗਵਾਨ ਵਿਸ਼ਵਕਰਮਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਰਾਮਗੜ੍ਹੀਆ ਭਾਈਚਾਰੇ ਵੱਲੋਂ ਦੇਸ਼ ਅਤੇ ਪੰਜਾਬ ਦੀ ਤਕਨੀਕੀ ਅਤੇ ਸਨਅਤੀ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 7 ਮਹੀਨਿਆਂ ਅੰਦਰ ਕਈ ਵਾਅਦਿਆਂ ਨੂੰ ਹਕੀਕਤ ਵਿਚ ਬਦਲ ਦਿੱਤਾ ਹੈ ਅਤੇ ਬਾਕੀ ਜਲਦੀ ਪੂਰੇ ਕੀਤੇ ਜਾਣਗੇ। ਉਨ੍ਹਾਂ ਮੰਦਰ ਕਮੇਟੀ ਵੱਲੋਂ ਸੋਲਰ ਸਿਸਟਮ ਦੀ ਮੰਗ ਨੂੰ ਸਵੀਕਾਰ ਕਰਦਿਆਂ ਐਲਾਨ ਕੀਤਾ ਕਿ ਪਾਰਕਿੰਗ ਤੇ ਹੋਰ ਕੰਮ ਲਈ ਵੀ ਪੂਰਾ ਸਹਿਯੋਗ ਦੇਣਗੇ। ਸਮਾਗਮ ਵਿੱਚ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਸੱਗੂ ਤੇ ਬਲਵਿੰਦਰ ਸਿੰਘ ਸੱਗੂ ਆਦਿ ਹਾਜ਼ਰ ਸਨ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਲਾਕੇ ਵਿੱਚ ਅੱਜ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਮੰਡੀ ਵਾਲੇ ਵਿਸ਼ਵਕਰਮਾ ਮੰਦਰ ’ਚ ਮਿਸਤਰੀ ਗੋਗੀ ਸਿੰਘ ਦੀ ਪ੍ਰਧਾਨਗੀ ’ਚ ਸਮਾਗਮ ਹੋਇਆ। ਇਸੇ ਤਰ੍ਹਾਂ ਬਾਈਪਾਸ ਰੋਡ ’ਤੇ ਬਣੇ ਬਾਬਾ ਵਿਸ਼ਵਕਰਮਾ ਗੁਰੂ ਘਰ ਵਿੱਚ ਵਿੱਚ ਭਗਵਾਨ ਵਿਸ਼ਵਕਰਮਾ ਕਮੇਟੀ ਵੱਲੋਂ ਪਾਠ ਦੇ ਭੋਗ ਪਾਏ ਗਏ। ਉਧਰ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਲੋਕਾਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ ਤੇ ਗੁਰੂਆਂ ਪੀਰਾਂ ਵੱਲੋਂ ਦਰਸਾਏ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਸ਼ਹਿਰ ਵਿੱਚ ਤਰਖਾਣਾਂ, ਸੁਨਿਆਰਾਂ, ਲੁਹਾਰਾਂ, ਮਿਸਤਰੀਆਂ ਅਤੇ ਹੋਰ ਦਸਤਕਾਰਾਂ ਵੱਲੋਂ ਕੰਮ ਬੰਦ ਕਰਨ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ
ਅਮਰਗੜ੍ਹ (ਪੱਤਰ ਪ੍ਰੇਰਕ): ਗੁਰਦੁਆਰਾ ਵਿਸ਼ਵਕਰਮਾ ਸਾਹਿਬ ਵਿਖੇ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਵਿਧਾਇਕ. ਪ੍ਰੋ ਜਸਵੰਤ ਸਿੰਘ ਗੱਜਮਮਾਜਰਾ, ਐਮਡੀ ਮਲਕੀਤ ਸਿੰਘ, ਐਮਡੀ ਸਵਰਨਜੀਤ ਸਿੰਘ ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਆਦਿ ਹਾਜ਼ਰ ਸਨ।
ਘਨੌਰ (ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਦੇਸ਼ ਕਾਰੀਗਰਾਂ, ਦਸਤਕਾਰਾਂ ਤੇ ਕਿਰਤੀਆਂ ਦੇ ਪ੍ਰੇਰਨਾ ਸਰੋਤ ਭਗਵਾਨ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ’ਤੇ ਘਨੌਰ ਦੇ ਪਿੰਡ ਰਾਏਪੁਰ ਦੀ ਧੀਮਾਨ ਇੰਡਸਟਰੀ ਵਿੱਚ ਇਸ ਦੇ ਪ੍ਰਬੰਧਕਾਂ ਚਰਨਜੀਤ ਧੀਮਾਨ, ਅਮਰੀਕ ਧੀਮਾਨ ਅਤੇ ਪੁਰਵਾਜ ਧੀਮਾਨ ਦੀ ਅਗਵਾਈ ਵਿੱਚ ਔਜ਼ਾਰਾਂ ਅਤੇ ਭਗਵਾਨ ਵਿਸ਼ਵਕਰਮਾ ਦੀ ਮੂਰਤੀ ਦੀ ਪੂਜਾ ਕੀਤੀ ਗਈ। ਇਸੇ ਤਰ੍ਹਾਂ ਦਰਸ਼ਨ ਖਾਨ, ਰਾਜੂ ਖਾਨ, ਬਿੰਦਰ ਖਾਨ ਵੱਲੋਂ ਆਪਣੇ ਪਿੰਡ ਸੀਲ ਦੀ ਵਰਕਸ਼ਾਪ ਵਿੱਚ ਵਿਸ਼ਵਕਰਮਾ ਦਿਵਸ ਮਨਾਇਆ ਗਿਆ ਅਤੇ ਲੰਗਰ ਲਗਾਇਆ ਗਿਆ। ਇਸ ਤੋਂ ਇਲਾਵਾ ਪਿੰਡ ਹਰਪਾਲਪੁਰ ਦੇ ਰਾਜ ਮਿਸਤਰੀਆਂ ਵੱਲੋਂ ਔਜ਼ਾਰਾਂ ਦੀ ਪੂਜਾ ਕਰ ਕੇ ਲੰਗਰ ਲਗਾਇਆ ਗਿਆ।
ਡਕਾਲਾ (ਪੱਤਰ ਪ੍ਰੇਰਕ): ਭਗਵਾਨ ਵਿਸ਼ਵਕਰਮਾ ਦਿਹਾੜਾ ਅੱਜ ਉਤਸ਼ਾਹ ਨਾਲ ਮਨਾਇਆ ਗਿਆ| ਇਸ ਦੌਰਾਨ ਕਾਰੀਗਰਾਂ ਵੱਲੋਂ ਆਪਣੇ ਔਜ਼ਾਰਾਂ ਦੀ ਪੂਜਾ ਕੀਤੀ ਗਈ ਤੇ ਕਲਾ ਦੇ ਰਚਨਾਹਾਰ ਭਗਵਾਨ ਵਿਸ਼ਵਕਰਮਾ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਸਮਰਪਿਤ ਕੀਤਾ|