ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਜੁਲਾਈ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 9 ਜੁਲਾਈ ਨੂੰ ਸੰਗਰੂਰ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਉਲੀਕੇ ਗਏ ‘ਵਾਅਦਾ ਯਾਦ ਦਿਵਾਊ’ ਮਾਰਚ ਦੀ ਰੂਪਾ-ਰੇਖਾ ਉਲੀਕਣ ਲਈ ਇਥੇ ਸੂਬਾ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਸੂਬਾਈ ਲੀਡਰਸ਼ੀਪ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਸੰਗਰੂਰ ਐਕਸ਼ਨ ਨੂੰ ਭਰਵੀਂ ਹਮਾਇਤ ਦਿੱਤੀ ਗਈ। ਫਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਵਿਧਾਨ ਸਭਾ ਦੇ ਪਲੇਠੇ ਸੈਸ਼ਨ ਅਤੇ ਪੇਸ਼ ਕੀਤੇ ਬਜਟ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਕੋਈ ਮਤਾ ਨਾ ਲਿਆਂਦੇ ਜਾਣ ਕਾਰਨ ਪੰਜਾਬ ਦੇ ਸਮੁੱਚੇ ਐਨ.ਪੀ.ਐੱਸ ਮੁਲਾਜ਼ਮਾਂ ਦੀਆਂ ਆਸਾਂ ਨੂੰ ਵੱਡਾ ਝਟਕਾ ਲੱਗਿਆ ਹੈ। ਸੂਬਾ ਕਮੇਟੀ ਆਗੂ ਜਸਵੀਰ ਭੰਮਾ ਅਤੇ ਗੁਰਬਿੰਦਰ ਖਹਿਰਾ, ਪ੍ਰੈੱਸ ਸਕੱਤਰ ਸੱਤਪਾਲ ਸਮਾਣਵੀ ਅਤੇ ਜਸਵਿੰਦਰ ਔਜਲਾ ਨੇ ਕਿਹਾ ਕਿ ਜੇਕਰ ਰਾਜਸਥਾਨ ਅਤੇ ਛੱਤੀਸਗੜ੍ਹ ਰਾਜਾਂ ਵਿੱਚ ਨਵੀੰ ਪੈਨਸ਼ਨ ਸਕੀਮ ਨੂੰ ਵਾਪਸ ਲੈ ਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਮੁੜ ਲਾਗੂ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਇਹ ਫ਼ੈਸਲਾ ਲੈਣ ਵਿੱਚ ਦੇਰੀ ਕਿਉਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੂੰ ਚੋਣ ਐਲਾਨ ਮੁੜ ਯਾਦ ਕਰਵਾਉਣ, ‘ਆਪ’ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਜਥੇਬੰਦਕ ਰੋਸ ਪ੍ਰਗਟਾਉਣ ਅਤੇ ਪੁਰਾਣੀ ਪੈਨਸ਼ਨ ਸਕੀਮ ਤੇ ਅਮਲੀ ਕਾਰਵਾਈ ਸ਼ੁਰੂ ਕਰਵਾਉਣ ਲਈ ਐੱਨਪੀਐੱਸ ਮੁਲਾਜ਼ਮ ਸਮੁੱਚੇ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਰੂਰ ਪਹੁੰਚਣਗੇ। ਮੀਟਿੰਗ ਵਿੱਚ ਸੂਬਾ ਸਲਾਹਕਾਰ ਵਿਕਰਮਦੇਵ ਸਿੰਘ, ਰਮਨ ਸਿੰਗਲਾ, ਸੁਖਜਿੰਦਰ ਸਿੰਘ, ਸੁਖਵਿੰਦਰ ਗਿਰ, ਮਨੋਜ ਲਹਿਰਾ, ਪਰਮਿੰਦਰ ਮਾਨਸਾ, ਹਰਿੰਦਰ ਸਿੰਘ, ਗਿਆਨ ਸਿੰਘ, ਨਿਰਮਲ ਬਰਨਾਲਾ, ਗੁਰਮੁੱਖ ਲੋਕਪ੍ਰੇਮੀ, ਬੇਅੰਤ ਸਿੰਘ ਮੇਘਰਾਜ ਅਤੇ ਲਖਵਿੰਦਰ ਸਿੰਘ ਹਾਜ਼ਰ ਸਨ।