ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 22 ਅਪਰੈਲ
ਕਈ ਦਿਨਾਂ ਤੋਂ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਰਹੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਅੱਜ ਉਸ ਵੇਲੇ ਸੁੱਖ ਦਾ ਸਾਹ ਲਿਆ ਜਦੋਂ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਦੀ ਅਪੀਲ ਮਗਰੋਂ ਸ਼ਹਿਰ ਤੇ ਲਾਗਲੇ ਇਲਾਕੇ ਦੇ ਇੱਕ ਸੌ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨੇ ਆਪਣੇ ਗੁਦਾਮਾਂ ਵਿੱਚ ਪਏ ਕਰੀਬ ਦੋ ਲੱਖ ਪੁਰਾਣੇ ਥੈਲੇ ਕਣਕ ਭਰਨ ਲਈ ਦੇ ਦਿੱਤੇ। ਵਪਾਰੀਆਂ ਵੱਲੋਂ ਉਨ੍ਹਾਂ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਭਰੇ ਜਾਣ ਦੀ ਸ਼ਲਾਘਾ ਕਰਦਿਆਂ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਨੇ ਦੱਸਿਆ ਕਿ ਪਹਿਲਾਂ ਤਾਂ ਆੜ੍ਹਤੀ ਤੇ ਸ਼ੈਲਰ ਮਾਲਕ ਬਾਰਦਾਨਾ ਦੇਣ ਤੋਂ ਝਿਜਕ ਰਹੇ ਸਨ ਪਰ ਜਦੋਂ ਉਨ੍ਹਾਂ ਨੇ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਵਰਤੇ ਗਏ ਬਾਰਦਾਨੇ ਦੀ ਅਦਾਇਗੀ ਜਲਦੀ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਸਾਰੇ ਵਪਾਰੀਆਂ ਨੇ ਆਪਣੇ ਕੋਲ ਪਿਆ ਬਾਰਦਾਨਾ ਦੇਣਾ ਸ਼ੁਰੂ ਕਰ ਦਿੱਤਾ। ਸ੍ਰੀ ਪਾਂਥੇ ਨੇ ਦੱਸਿਆ ਕਿ ਉਨ੍ਹਾਂ ਨੇ ਕਿਲ੍ਹਾ ਰਾਏਪੁਰ ਦੀ ਖੁਸ਼ਕ ਬੰਦਰਗਾਹ ਦੇ ਅਧਿਕਾਰੀਆਂ ਨਾਲ ਇੱਥੋਂ ਦੀ ਮੰਡੀ ਲਈ ਹੋਰ ਬਾਰਦਾਨੇ ਦੀਆਂ ਹੋਰ ਬੋਗੀਆਂ ਅਲਾਟ ਕਰਵਾਉਣ ਲਈ ਤਾਲਮੇਲ ਕੀਤਾ ਹੈ।