ਮੇਜਰ ਸਿੰਘ ਮੱਟਰਾਂ
ਭਵਾਨੀਗੜ, 27 ਜੁਲਾਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪਿੰਡ ਕਪਿਆਲ ਵਿੱਚ ਇੱਕ ਵੈਲਡਿੰਗ ਮਕੈਨਿਕ ਮਜੀਦ ਮੁਹੰਮਦ ਦੀ ਵਰਕਸ਼ਾਪ ਦੀ ਕੁਰਕੀ ਨੂੰ ਰੋਕਣ ਲਈ ਧਰਨਾ ਦਿੱਤਾ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਇਕਾਈ ਪ੍ਰਧਾਨ ਸਤਨਾਮ ਸਿੰਘ ਕਪਿਆਲ, ਹਰਦੀਪ ਸਿੰਘ, ਮੁਕੰਦ ਸਿੰਘ ਹਰਪਾਲ ਸਿੰਘ, ਹੁਸ਼ਿਆਰ ਸਿੰਘ, ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਜਦੋਂ ਮਜੀਦ ਮੁਹੰਮਦ ਨੂੰ ਕੱਲ੍ਹ ਕੁਰਕੀ ਦੇ ਸੰਮਨ ਆਏ ਤਾਂ ਉਸ ਨੇ ਜਥੇਬੰਦੀ ਦੇ ਆਗੁਆਂ ਨਾਲ ਸੰਪਰਕ ਕੀਤਾ। ਉਸ ਨੇ ਦੱਸਿਆ ਕਿ ਇੱਕ ਆਯੂ ਸਮਾਲ ਫਾਇਨਾਂਸ ਕੰਪਨੀ ਸੰਗਰੂਰ ਤੋਂ ਉਸ ਨੇ ਪੰਜ ਲੱਖ ਦਾ ਲੋਨ ਲਿਆ ਸੀ, ਜਿਸ ਦੀ ਉਹ ਸਮੇਂ ਸਿਰ ਕਿਸ਼ਤ ਵਾਪਸ ਕਰ ਰਿਹਾ ਸੀ ਪਰ ਲਾਕਡਾਊਨ ਮਗਰੋਂ ਉਸ ਦੇ ਕੰਮ ਵਿੱਚ ਦਿੱਕਤ ਆ ਗਈ ਤੇ ਉਹ ਕਿਸ਼ਤ ਨਹੀਂ ਭਰ ਸਕਿਆ। ਜਿਸ ਕਾਰਨ ਕੰਪਨੀ ਨੇ ਉਸ ਤੋਂ ਲਏ ਹੋਏ ਖਾਲੀ ਚੈੱਕ ਬੈਂਕ ਵਿੱਚ ਲਗਾ ਕੇ ਕੇਸ ਕਰਵਾ ਕੇ ਵਰਕਸ਼ਾਪ ਦੀ ਕੁਰਕੀ ਦੇ ਆਰਡਰ ਕਢਵਾ ਦਿੱਤੇ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਜੱਥੇਬੰਦੀ ਵੱਲੋਂ ਵਰਕਸ਼ਾਪ ਅੱਗੇ ਧਰਨਾ ਦਿੱਤਾ ਗਿਆ ਹੈ। ਉੁਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਸਿਧਾਂਤ ਅਨੁਸਾਰ ਕਿਸੇ ਵੀ ਕਿਸਾਨ, ਮਜ਼ਦੂਰ ਤੇ ਕਿਰਤੀ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸੇ ਦੌਰਾਨ ਸ੍ਰੀ ਮੰਗੂ ਬਾਂਸਲ ਤਹਿਸੀਲਦਾਰ ਭਵਾਨੀਗੜ੍ਹ ਤੇ ਬੈਂਕ ਅਧਿਕਾਰੀ ਕੁਰਕੀ ਕਰਨ ਲਈ ਕਪਿਆਲ ਗਏ ਸਨ ਪਰ ਧਰਨੇ ਕਾਰਨ ਉਨ੍ਹਾਂ ਨੂੰ ਵਾਪਸ ਪਰਤਨਾ ਪਿਆ। ਸ੍ਰੀ ਬਾਂਸਲ ਨੇ ਦੱਸਿਆ ਕਿ ਧਰਨੇ ਦੌਰਾਨ ਪੁਲੀਸ ਫੋਰਸ ਨਾ ਹੋਣ ਕਾਰਨ ਉਹ ਕਾਰਵਾਈ ਨਹੀਂ ਕਰ ਸਕੇ।