ਬੀਰਬਲ ਰਿਸ਼ੀ
ਸ਼ੇਰਪੁਰ, 16 ਅਪਰੈਲ
ਮਾਰਕੀਟ ਕਮੇਟੀ ਸ਼ੇਰਪੁਰ ਦੇ ਨੱਕ ਹੇਠਾਂ ਚੱਲ ਰਹੇ ਚੱਲ ਰਹੇ ਖ਼ਰੀਦ ਕੇਂਦਰ ਵਿੱਚ ਕਥਿਤ ਤੌਰ ’ਤੇ ਕਿਸਾਨਾਂ ਦੀ ਲੁੱਟ ਦੇ ਗੋਰਖਧੰਦੇ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਪਰ ਅਧਿਕਾਰੀ ਬੇਖ਼ਬਰ ਹਨ। ਭਰੋਸਯੋਗ ਸੂਤਰਾਂ ਅਨੁਸਾਰ ਮਾਰਕੀਟ ਕਮੇਟੀ ਸ਼ੇਰਪੁਰ ਦੇ ਅਧੀਨ ਆਉਦੇ ਸੈਂਟਰਾਂ ‘ਚੋ ਕਿਸਾਨਾਂ ਦੀਆਂ ਟਰਾਲੀਆਂ ਨੇ ਮਾਰਕੀਟ ਕਮੇਟੀ ਦੇ ਨਾਲ ਲੱਗਦੀ ਮੰਡੀ ਵੱਲ ਇਸ ਕਰਕੇ ਵਹੀਰਾਂ ਘੱਤ ਰਹੇ ਹਨ ਕਿਉਂਕਿ ਉਸ ਜਗ੍ਹਾ ‘ਤੇ ਜਾਂਦਿਆਂ ਹੀ ਕਿਸਾਨ ਦੀ ਢੇਰੀ ਦੀ ਤੁਲਾਈ ਕਰਕੇ ਉਸਨੂੰ ਫੌਰੀ ਫਾਰਗ ਕਰ ਦਿੱਤਾ ਜਾਂਦਾ ਹੈ ਪਰ ਇਸ ਦੇ ਇਵਜ਼ ਵਜੋਂ ਕਿਸਾਨ ਵੱਲੋਂ ਪ੍ਰਤੀ ਕੁਵਿੰਟਲ ਇੱਕ ਕਿੱਲੋ ਦੀ ਕਾਟ ਕੱਟੀ ਜਾ ਰਹੀ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਕਿਹਾ ਕਿ ਕਿਸਾਨਾਂ ਦੀ ਇਸ ਤਰ੍ਹਾਂ ਲੁੱਟ ਮਾਰਕੀਟ ਕਮੇਟੀ ਤੇ ਖ਼ਰੀਦ ਕਰਨ ਵਾਲੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾ ਨਹੀਂ ਹੋ ਸਕਦੀ ਪਰ ਐਸੋਸੀਏਸ਼ਨ ਇਸ ਪਿਰਤ ਦੇ ਵਿਰੁੱਧ ਹੈ। ਖ਼ਰੀਦ ਕੇਂਦਰ ਘਨੌਰੀ ਕਲਾਂ ਵਿੱਚ ਇੱਕਾ ਦੁੱਕਾ ਆੜ੍ਹਤੀਆਂ ਕੋਲ ਤਰਪਾਲਾਂ ਦੀ ਤੋਟ ਸਾਹਮਣੇ ਆਈ, ਕੁੱਝ ਤੋਲ ਸ਼ੱਕੀ ਦੱਸੇ ਜਾ ਰਹੇ ਹਨ ਅਤੇ ਇੱਕ ਆੜ੍ਹਤੀ ਇੰਸਪੈਕਟਰ ’ਤੇ ਬਾਰਦਾਨਾ ਪੂਰਾ ਨਾ ਦੇਣ ਦਾ ਵੀ ਦੋਸ਼ ਲਾਉਂਦਾ ਰਿਹਾ। ਮਾਰਕੀਟ ਕਮੇਟੀ ਸ਼ੇਰਪੁਰ ਦੇ ਸੈਕਟਰੀ ਰਸ਼ਵੀਰ ਸਿੰਘ ਨੇ ਅਗਿਆਨਤਾ ਪ੍ਰਗਟ ਕਰਦਿਆਂ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਘੁਮਾਣ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋਵੇਗੀ ਅਤੇ ਜੋ ਕੋਈ ਦੋਸ਼ੀ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।