ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 17 ਅਕਤੂਬਰ
ਪਿੰਡ ਨਮੋਲ ਵਿਖੇ ਪਰਾਲੀ ਫੂਕਣ ਦੇ ਨੁਕਸਾਨ ਦੱਸਣ ਆਏ ਅਧਿਕਾਰੀਆਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਕਿਸਾਨਾਂ ਵੱਲੋਂ ਕਰੀਬ ਦੋ ਘੰਟੇ ਤੱਕ ਤਹਿਸੀਲਦਾ ਸੁਨਾਮ, ਨਾਇਬ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀ ਨੂੰ ਘੇਰੀ ਰੱਖਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਆਗੂ ਜਗਸੀਰ ਨਮੋਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਹੈਪੀ ਸਿੰਘ ਅਤੇ ਜੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਖੜਨ ਦਾ ਢੌਂਗ ਕਰ ਰਹੀ ਹੈ, ਦੂਜੇ ਪਾਸੇ ਜਾਗਰੂਕਤਾ ਦੇ ਬਹਾਨੇ ਸੂਬਾ ਸਰਕਾਰ ਦੇ ਅਧਿਕਾਰੀ ਕਿਸਾਨਾਂ ਨੂੰ ਸਮਝਾਉਣ ਦੇ ਬਹਾਨੇ ਧਮਕਾ ਰਹੇ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸਾਨ ਪੰਜਾਬ ਸਰਕਾਰ ਦੀਆਂ ਚਲਾਕੀਆਂ ਨੂੰ ਚੱਲਣ ਨਹੀਂ ਦੇਣਗੇ।ਉਧਰ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਵੀ ਕਿਸਾਨਾਂ ਦੇ ਇਸ ਫੈਸਲੇ ਦੀ ਹਿਮਾਇਤ ਕੀਤੀ ਹੈ। ਇਸ ਮੌਕੇ ਸਰਬਜੀਤ ਸਿੰਘ, ਰਾਮ ਸਿੰਘ ਅਤੇ ਦਰਸ਼ਨ ਸਿੰਘ ਹਾਜ਼ਰ ਸਨ ।
ਸੁਨਾਮ ਦੇ ਤਹਿਸੀਲਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਪਿੰਡ ਤੇ ਸਰਪੰਚ ਅਤੇ ਨੰਬਰਦਾਰ ਵੱਲੋਂ ਪਰਾਲੀ ਨਾ ਸਾੜਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬੁਲਾਇਆ ਗਿਆ ਸੀ ਪਰ ਲੋਕਾਂ ਵੱਲੋਂ ਇਸ ਨੂੰ ਗਲਤ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਲੋਕਾਂ ਨੇ ਵੱਲੋਂ ਅਧਿਕਾਰੀਆਂ ਦਾ ਵਿਰੋਧ ਕੀਤਾ ਗਿਆ ਪਰ ਉਹ ਫਿਰ ਵੀ ਅਪੀਲ ਕਰਦੇ ਹਨ ਕਿ ਪਰਾਲੀ ਨੂੰ ਬਿਨਾਂ ਸਾੜੇ ਹੀ ਕਣਕ ਦੀ ਬਿਜਾਈ ਕੀਤੀ ਜਾਵੇ।