ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਮਈ
ਕਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਭਾਵ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਵੱਲੋਂ ਹਫ਼ਤਾਵਾਰੀ ਲੌਕਡਾਊਨ ਲਗਾਉਣ ਦੇ ਦਿੱਤੇ ਹੁਕਮਾਂ ਤਹਿਤ ਅੱਜ ਸੰਗਰੂਰ ਸ਼ਹਿਰ ਮੁਕੰਮਲ ਬੰਦ ਰਿਹਾ ਤੇ ਚਾਰ ਚੁਫ਼ੇਰੇ ਚੁੱਪ ਪਸਰੀ ਰਹੀ। ਦੁਕਾਨਾਂ ਬੰਦ ਹੋਣ ਕਾਰਨ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਸੁੰਨੀਆਂ ਪਈਆਂ ਸਨ ਜਦਕਿ ਬਾਹਰੀ ਸੜਕਾਂ ’ਤੇ ਆਵਾਜਾਈ ਜਾਰੀ ਰਹੀ। ਸ਼ਹਿਰ ਵਿੱਚ ਅੱਜ ਐੱਸਡੀਐੱਮ ਯਸ਼ ਪਾਲ ਅਤੇ ਡੀਐੱਸਪੀ ਸੱਤਪਲ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਨੇ ਲੌਕਡਾਊਨ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਗਸ਼ਤ ਵੀ ਕੀਤੀ। ਐੱਸਡੀਐੱਮ ਅਤੇ ਡੀਐੱਸਪੀ ਦੀ ਅਗਵਾਈ ਹੇਠ ਪੁਲੀਸ ਨੇ ਲੌਕਡਾਊਨ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਗਸ਼ਤ ਕੀਤੀ ਤੇ ਬੱਸ ਸਟੈਂਡ ਨਜ਼ਦੀਕ ਲਾਲ ਬੱਤੀ ਚੌਕ ਵਿੱਚ ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਦੇ ਕਰੋਨਾ ਟੈਸਟ ਕੀਤੇ। ਅੱਜ ਖੁੱਲ੍ਹੀ ਇੱਕ ਮੀਟ ਦੀ ਦੁਕਾਨ ਨੂੰ ਪੁਲੀਸ ਟੀਮ ਨੇ ਸੀਲ ਕੀਤਾ।
ਧੂਰੀ (ਹਰਦੀਪ ਸਿੰਘ ਸੋਢੀ): ਸ਼ਹਿਰ ਵਿੱਚ ਹਫ਼ਤਾਵਾਰੀ ਲੌਕਡਾਊਨ ਦਾ ਪੂਰਨ ਅਸਰ ਵੇਖਣ ਨੂੰ ਮਿਲਿਆ। ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਪੂਰਨ ਤੌਰ ’ਤੇ ਬੰਦ ਰਹੇ ਤੇ ਲੋਕਾਂ ਨੇ ਵੀ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ। ਧੂਰੀ ਦੇ ਐੱਸਡੀਐੱਮ ਲਤੀਫ਼ ਅਹਿਮਦ ਨੇ ਕਿਹਾ ਕਿ ਬਿਨਾਂ ਮਾਸਕ ਤੋਂ ਘੁੰਮ ਰਹੇ ਵਿਅਕਤੀਆਂ ਦੇ ਚਲਾਨ ਕੱਟੇ ਜਾ ਰਹੇ ਹਨ। ਐੱਸਐੱਚਓ ਦੀਪ ਇੰਦਰ ਜੇਜੀ ਨੇ ਲੋਕਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਅੱਜ ਸ਼ਹਿਰ ’ਚ ਪੂਰਨ ਬੰਦ ਰਿਹਾ ਪਰ ਪਿੰਡਾਂ ਵਿੱਚ ਦੁਕਾਨਾਂ ਬੰਦ ਕਰਵਾਉਣ ਲਈ ਪੁਲੀਸ ਨੂੰ ਤਰੱਦਦ ਕਰਨਾ ਪਿਆ। ਬੰਦ ਦੌਰਾਨ ਸਿਰਫ ਕੈਮਿਸਟ, ਲੈਬਾਰਟਰੀ, ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਇਸੇ ਦੌਰਾਨ ਪੁਲੀਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਇੱਕ ਕਬਾੜੀ, ਜਿੰਮ ਦੇ ਮਾਲਕ ਤੇ ਇੱਕ ਦੁਕਾਨਦਾਰ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਐੱਸਡੀਐੱਮ ਪ੍ਰਮੋਦ ਸਿੰਗਲਾ ਦੀ ਅਗਵਾਈ ਹੇਠ ਉਪ ਪੁਲੀਸ ਕਪਤਾਨ ਰਛਪਾਲ ਸਿੰਘ, ਐੱਸਐੱਚਓ ਸਦਰ ਇੰਸਪੈਕਟਰ ਵਿਜੈ ਪਾਲ, ਸਿਟੀ ਐੱਸਐੱਚਓ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਸ਼ਹਿਰ ’ਚ ਫਲੈਗ ਮਾਰਚ ਕੀਤਾ। ਇਸ ਮੌਕੇ ਉਪ ਪੁਲੀਸ ਕਪਤਾਨ ਰਛਪਾਲ ਸਿੰਘ ਤੇ ਪੁਲੀਸ ਅਧਿਕਾਰੀਆਂ ਨੇ ਕੁਝ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ।
ਬਿਨਾਂ ਮਾਸਕ ਘੁੰਮਦੇ 5 ਜਣੇ ਕਰੋਨਾ ਪਾਜ਼ੇਟਿਵ ਨਿਕਲੇ
ਧੂਰੀ (ਪਵਨ ਕੁਮਾਰ ਵਰਮਾ): ਥਾਣਾ ਸਿਟੀ ਧੂਰੀ ਦੇ ਮੁਖੀ ਦੀਪਇੰਦਰ ਸਿੰਘ ਜੇਜੀ ਵੱਲੋਂ ਪੁਲੀਸ ਪਾਰਟੀ ਦੇ ਸਹਿਯੋਗ ਨਾਲ ਬੀਤੇ ਦਿਨ ਥਾਣਾ ਸਿਟੀ ਧੂਰੀ ਨੇੜੇ ਨਾਕਾਬੰਦੀ ਕਰ ਕੇ ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਦੇ ਕਰੋਨਾ ਟੈਸਟ ਥਾਣੇ ਵਿੱਚ ਹੀ ਸਿਵਲ ਹਸਪਤਾਲ ਧੂਰੀ ਦੇ ਡਾਕਟਰਾਂ ਦੀ ਟੀਮ ਪਾਸੋਂ ਕਰਵਾਏ। ਪੁਲੀਸ ਵੱਲੋਂ 67 ਵਿਅਕਤੀਆਂ ਦੇ ਕਰੋਨਾ ਟੈਸਟ ਕਰਵਾਏ ਗਏ ਸਨ, ਜਿਨ੍ਹਾਂ ਵਿੱਚੋਂ ਅੱਜ 5 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਥਾਣਾ ਮੁਖੀ ਨੇ ਕਿਹਾ ਕਿ ਪੁਲੀਸ ਦਾ ਕੰਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ, ਸਗੋਂ ਰਾਹਤ ਦੇਣਾ ਹੈ।