ਖੇਤਰੀ ਪ੍ਰਤੀਨਿਧ
ਸਨੌਰ, 5 ਫਰਵਰੀ
ਵਿਧਾਨ ਸਭਾ ਹਲਕਾ ਸਨੌਰ ਦੇ ਰਿਟਰਨਿੰਗ ਅਫਸਰ ਵੱਲੋਂ ਇਸ ਹਲਕੇ ਦੇ ਅਕਾਲੀ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ (ਵਿਧਾਇਕ) ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਨੋਟਿਸ ਜਾਰੀ ਕਰਕੇ ਚੌਵੀ ਘੰਟੇ ਵਿੱਚ ਜਵਾਬ ਮੰਗਿਆ ਗਿਆ ਹੈ। ਇਸ ਨੋਟਿਸ ਦੌਰਾਨ ਉਨ੍ਹਾਂ ਦੇ ਹਲਕੇ ਵਿੱਚ ਰੋਡ ਸ਼ੋਅ ਕਰਨ ਦੇ ਇਲਜ਼ਾਮ ਲੱਗੇ ਹਨ। ਨੋਟਿਸ ’ਚ ਕਿਹਾ ਗਿਆ ਹੈ ਕਿ ਅਕਾਲੀ ਉਮੀਦਵਾਰ ਵੱਲੋਂ ਸੌ ਮੋਟਰਸਾਈਕਲਾਂ ਅਤੇ ਪੰਜਾਹ ਕਾਰਾਂ ਨਾਲ ਆਪਣੇ ਹਲਕੇ ਵਿੱਚ ਰੋਡ ਸ਼ੋਅ ਕੀਤਾ ਗਿਆ ਹੈ। ਇਨ੍ਹਾਂ ਵਾਹਨਾਂ ’ਤੇ ਰਾਜਨੀਤਕ ਪਾਰਟੀ ਦੇ ਪੋਸਟਰ ਤੇ ਝੰਡੀਆਂ ਵੀ ਲੱਗੀਆਂ ਹੋਈਆਂ ਸਨ। ਅਜਿਹੀ ਕਾਰਵਾਈ ਨੂੰ ਨਿਯਮਾਂ ਦੀ ਉਲੰਘਣਾ ਇਸ ਕਰਕੇ ਕਰਾਰ ਦਿੱਤਾ ਗਿਆ ਹੈ, ਕਿਉਂਕਿ ਚੋਣ ਕਮਿਸ਼ਨ ਵੱਲੋਂ ਰੋਡ ਸ਼ੋਅ ’ਤੇ ਪਾਬੰਦੀ ਲਾਈ ਗਈ ਹੈ। ਉਮੀਦਵਾਰ ਤੋਂ ਇਸ ਸਬੰਧੀ ਚੌਵੀ ਘੰਟਿਆਂ ਵਿੱਚ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਰੋਡ ਸ਼ੋਅ ਨਹੀ ਕੀਤਾ: ਕੋਹਲੀ
ਹਰਿੰਦਰਪਾਲ ਚੰਦੂਮਾਜਰਾ ਦੇ ਸਿਆਸੀ ਸਲਾਹਕਾਰ ਜਗਜੀਤ ਕੋਹਲੀ ਦਾ ਕਹਿਣਾ ਹੈ ਕਿ ਹਰਿੰਦਰਪਾਲ ਚੰਦੂਮਾਜਰਾ ਦੇ ਹੱਕ ‘ਚ ਭੁਨਰਹੇੜੀ ਵਿੱਚ ਹੋਏ ਸਮਾਗਮ ਮਗਰੋਂ ਜਦੋਂ ਸਮਰਥਕ ਆਪਣੇ ਵਾਹਨਾਂ ਰਾਹੀਂ ਦੂਧਨਸਾਧਾਂ ’ਚ ਹੋਣ ਵਾਲੇ ਦੂਜੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਤਾਂ ਉਸ ਨੂੰ ਹੀ ਚੋਣ ਅਮਲੇ ਨੇ ਰੋਡ ਸ਼ੋਅ ਮੰਨ ਲਿਆ ਜਦਕਿ ਇਹ ਰੋਡ ਸ਼ੋਅ ਨਹੀਂ ਸੀ। ਕੋਹਲੀ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ।