ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 2 ਜੂਨ
ਪਿੰਡ ਕੁਠਾਲਾ ਦੇ ਇੱਕ ਧਾਰਮਿਕ ਡੇਰੇ ਵੱਲੋਂ ਐੱਸ.ਸੀ. ਭਾਈਚਾਰੇ ਨਾਲ ਵਿਤਕਰੇ ਦੀ ਸ਼ਿਕਾਇਤ ਮਿਲਣ ’ਤੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਅਤੇ ਰਾਜ ਕੁਮਾਰ ਹੰਸ ਇੱਥੇ ਸਥਾਨਕ ਲੋਕ ਨਿਰਮਾਣ ਵਿਭਾਗ ਦੇ ਆਰਾਮ ਘਰ ਪੁੱਜੇ। ਇਸ ਮੌਕੇ ਕਮਿਸ਼ਨ ਦੇ ਮੈਂਬਰਾਂ ਨੇ ਐੱਸ.ਸੀ. ਭਾਈਚਾਰੇ ਦੇ ਲੋਕਾਂ ਦਾ ਪੱਖ ਸੁਣਨ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਡੇਰੇ ਵਿਰੁੱਧ ਬਣਦੀ ਕਾਨੂੰਨੀ ਕਰਵਾਈ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਰਾਜ ਕੁਮਾਰ ਹੰਸ ਨੇ ਕਿਹਾ ਕਿ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕਰਨ ਲਈ ਉਹ ਕਮਿਸ਼ਨ ਵੱਲੋਂ ਸਮਾਂਬੱਧ ਜਾਂਚ ਲਈ ਜਲਦੀ ਲਿਖਤੀ ਪੱਤਰ ਵੀ ਭੇਜਣਗੇ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਮਗਰੋਂ ਕਮਿਸ਼ਨ ਤੁਰੰਤ ਹਰਕਤ ’ਚ ਆਇਆ ਅਤੇ ਉਨ੍ਹਾਂ ਤੇ ਪਰਮਜੀਤ ਕੌਰ ਦੀ ਅਗਵਾਈ ’ਚ 2 ਮੈਂਬਰੀ ਟੀਮ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਲਈ ਭੇਜਿਆ ਗਿਆ ਹੈ। ਅੱਜ ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਮਾਮਲੇ ’ਚ ਐੱਸ.ਸੀ. ਐਕਟ ਤਹਿਤ ਕੇਸ ਦਰਜ ਕਰ ਕੇ ਇਸ ਦੀ ਰਿਪੋਰਟ 7 ਜੂਨ ਤੱਕ ਕਮਿਸ਼ਨ ਦੀ ਈ-ਮੇਲ ’ਤੇ ਭੇਜੀ ਜਾਵੇ। ਇਸ ਮੌਕੇ ਐੱਸ.ਡੀ.ਐੱਮ. ਟੀ. ਬੇਨਿਥ, ਡੀ.ਐੱਸ.ਪੀ. ਸੰਜੀਵ ਕੁਮਾਰ, ਸ਼ਿਕਾਇਤਕਰਤਾ ਹਰਫੂਲ ਸਿੰਘ ਅਤੇ ਡੇਰੇ ਦਾ ਮਹੰਤ ਵੀ ਹਾਜ਼ਰ ਸਨ। ਪਿੰਡ ਕੁਠਾਲਾ ਦੇ ਮੌਜੂਦਾ ਸਰਪੰਚ ਗੁਰਲਵਲੀਨ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਅਤੇ ਸੁਭਾਸ਼ ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ’ਚ ਡੇਰੇ ਦੇ ਮਹੰਤ ਨੇ ਦਲਿਤ ਭਾਈਚਾਰੇ ਤੋਂ ਮੁਆਫ਼ੀ ਮੰਗ ਲਈ ਹੈ ਤੇ ਦਲਿਤ ਭਾਈਚਾਰੇ ਸਬੰਧੀ ਬੋਲੇ ਸ਼ਬਦ ਵਾਪਸ ਲੈ ਲਏ ਹਨ। ਇਸ ਲਈ ਕਮਿਸ਼ਨ ਨੂੰ ਮਾਮਲੇ ਵਿੱਚ ਨਰਮਾਈ ਵਰਤਣੀ ਚਾਹੀਦੀ ਹੈ।