ਪੱਤਰ ਪ੍ਰੇਰਕ
ਲਹਿਰਾਗਾਗਾ, 7 ਜਨਵਰੀ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਦਾਅਵਾ ਕੀਤਾ ਕਿ ਫ਼ਿਰੋਜ਼ਪੁਰ ’ਚ ਹੋਣ ਵਾਲੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਲੱਖ ਕੁਰਸੀਆਂ ਲਾਈਆਂ ਗਈਆਂ, ਜਿਨ੍ਹਾਂ ’ਤੇ ਸੌ ਵਿਅਕਤੀ ਵੀ ਨਹੀਂ ਬੈਠੇ। ਇਸ ਨੂੰ ਦੇਖ ਕੇ ਮੋਦੀ ਮੋਗੇ ਤੋਂ ਹੀ ਵਾਪਸ ਮੁੜ ਗਿਆ ਅਤੇ ਕੈਪਟਨ ਖਾਲੀ ਕੁਰਸੀਆਂ ਦੇਖ ਕੇ ਵਾਪਸ ਆ ਗਿਆ। ਬੀਬੀ ਭੱਠਲ ਨੇ ਕਿਹਾ, ‘ਉੱਠਿਆ ਆਪ ਤੋਂ ਨਾ ਜਾਵੇ ਫਿੱਟੇ ਮੂੰਹ ਗੋਡਿਆਂ ਵਾਲੀ’, ਕਹਾਵਤ ਮੋਦੀ ਸਾਬ੍ਹ ’ਤੇ ਸਿੱਧ ਹੁੰਦੀ ਹੈ ਕਿਉਂਕਿ ਮੋਦੀ ਦਾ ਹੈਲੀਕਾਪਟਰ ਸਿੱਧੇ ਫਿਰੋਜ਼ਪੁਰ ਉਤਰ ਸਕਦਾ ਸੀ ਆਧੁਨਿਕ ਸਹੂਲਤਾਂ ਵਾਲੇ ਹੈਲੀਕਾਪਟਰਾਂ ਲਈ ਮੀਂਹ ਰੁਕਾਵਟ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਕਾਮ ਨਹੀਂ ਹੋਈ ਮੋਦੀ ਦੀਆਂ ਏਜੰਸੀਆਂ ਫੇਲ੍ਹ ਹੋਈਆਂ ਹਨ। ਬੀਬੀ ਭੱਠਲ ਨੇ ਕਿਹਾ ਕਿ ਦਸ ਹਜ਼ਾਰ ਸਿਪਾਹੀ ਮੌਜੂਦ ਸਨ ਅਤੇ ਪੰਜਾਹ ਕਿਲੋਮੀਟਰ ਤੱਕ ਬੀਐੱਸਐੱਫ ਨੇ ਰਸਤੇ ਖਾਲੀ ਕਰਵਾਏ ਹੋਏ ਸਨ, ਕੇਂਦਰ ਦੀਆਂ ਏਜੰਸੀਆਂ ਕਈ ਦਿਨਾਂ ਤੋਂ ਲੱਗੀਆਂ ਹੋਈਆਂ ਸਨ। ਫਿਰ ਮੋਦੀ ਪੰਜਾਬ ਸਰਕਾਰ ਨੂੰ ਕਿਉਂ ਦੋਸ਼ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ।