ਹਰਦੀਪ ਸਿੰਘ ਸੋਢੀ
ਧੂਰੀ, 5 ਅਪਰੈਲ
ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਉਪਰੰਤ ਨਗਰ ਕੌਂਸਲ, ਧੂਰੀ ਅੰਦਰ ਕਾਂਗਰਸੀ ਨਗਰ ਕੌਂਸਲ ਪ੍ਰਧਾਨ ਪੁਸ਼ਪਾ ਰਾਣੀ ਦੀ ਵਿਰੋਧਤਾ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਈ, ਜਦੋਂ 15 ਕੌਂਸਲਰਾਂ ਨੇ ਹਸਤਾਖਰਾਂ ਵਾਲਾ ਬੇਭਰੋਸਗੀ ਮਤਾ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਭਰਤਵੀਰ ਨੂੰ ਸੌਂਪ ਦਿੱਤਾ। ਕੌਂਸਲਰਾਂ ਨੇ ਪੱਤਰ ਰਾਹੀਂ ਨਗਰ ਕੌਂਸਲ ਪ੍ਰਧਾਨ ਪੁਸ਼ਪਾ ਰਾਣੀ ਵੱਲੋਂ ਮਨਮਰਜ਼ੀਆਂ ਕਰਨ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਉਂਦੇ ਹੋਏ ਬੇਭਰੋਸਗੀ ਜਤਾਈ। ਕੌਂਸਲਰਾਂ ਨੇ ਕਿਹਾ ਕਿ ਉਹ ਕੌਂਸਲ ਪ੍ਰਧਾਨ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ ਅਤੇ ਹਾਉੂਸ ਦਾ ਵਿਸ਼ਵਾਸ ਗੁਆ ਚੁੱਕੇ ਹਨ। ਕੌਂਸਲਰਾਂ ਵੱਲੋਂ ਕਾਰਜਸਾਧਕ ਅਫਸਰ ਨੂੰ ਸੌਂਪੇ ਪੱਤਰ ਰਾਹੀਂ ਕੌਂਸਲ ਪ੍ਰਧਾਨ ਤੋਂ ਨਗਰ ਕੌਂਸਲ ਦੇ ਨਿਯਮਾਂ ਅਨੁਸਾਰ ਮੀਟਿੰਗ ਸੱਦਣ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਨਗਰ ਕੌਂਸਲ ਪ੍ਰਧਾਨ ਪੁਰਸ਼ੋਤਮ ਕਾਂਸਲ ਦੀ ਮੌਤ ਉਪਰੰਤ 8 ਫਰਵਰੀ 2019 ਨੂੰ ਨਗਰ ਕੌਂਸਲ ਪ੍ਰਧਾਨ ਪੁਸ਼ਪਾ ਰਾਣੀ ਦੇ ਪਤੀ ਸੰਦੀਪ ਤਾਇਲ ਪੱਪੂ ਜੌਲੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਵਾਰ ਉਨ੍ਹਾਂ ਦੀ ਪਤਨੀ ਪੁਸ਼ਪਾ ਰਾਣੀ ਨੇ ਨਗਰ ਕੌਂਸਲ ਦੀ ਚੋਣ ਲੜੀ ਅਤੇ ਜਿੱਤਣ ਉਪਰੰਤ 17 ਅਪਰੈਲ 2021 ਨੂੰ ਉਨ੍ਹਾਂ ਨੂੰ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਅਤੇ ‘ਆਪ’ ਦੀ ਸਰਕਾਰ ਬਣਨ ਤੋਂ ਕੁੱਝ ਦਿਨਾਂ ਬਾਅਦ ਹੀ ਕਰੀਬ 10 ਕੌਂਸਲਰਾਂ ਵੱਲੋਂ ਐਸਡੀਐਮ ਧੂਰੀ ਨੂੰ ਲਿਖਤ ਸ਼ਿਕਾਇਤੀ ਦਿੱਤੀ ਗਈ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਨਗਰ ਕੌਂਸਲ ਪ੍ਰਧਾਨ ਪੁਸ਼ਪਾ ਰਾਣੀ ਦੇ ਪਤੀ ਸੰਦੀਪ ਤਾਇਲ ਆਪਣੀ ਪਤਨੀ ਦੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਜਿੱਥੇ ਮਨਮਰਜ਼ੀਆਂ ਕਰਦੇ ਹਨ, ਉਥੇ ਹੀ ਅਫਸਰਸ਼ਾਹੀ ਵੀ ਉਨ੍ਹਾਂ ਦੇ ਦਬਾਅ ਹੇਠ ਕੰਮ ਕਰਦੀ ਹੈ। ਇਸ ਸ਼ਿਕਾਇਤ ਤੋਂ ਇਹ ਸਾਫ ਹੋ ਗਿਆ ਸੀ ਕਿ ਨਗਰ ਕੌਂਸਲ ਵਿਚ ਸਭ ਕੁਝ ਠੀਕ ਨਹੀਂ ਹੈ।
ਕੌਂਸਲ ਪ੍ਰਧਾਨ ਨੂੰ ਬਹੁਮੱਤ ਸਾਬਤ ਕਰਨ ਲਈ ਪੱਤਰ ਲਿਖਾਂਗੇ: ਕਾਰਜਸਾਧਕ ਅਫ਼ਸਰ
ਕਾਰਜਸਾਧਕ ਅਫਸਰ ਭਰਤਵੀਰ ਨੇ ਕਿਹਾ ਕਿ ਧੂਰੀ ਵਿਚ 21 ਕੌਂਸਲਰ ਹਨ ਅਤੇ ਪ੍ਰਧਾਨਗੀ ਦਾ ਅਹੁਦਾ ਬਰਕਰਾਰ ਰੱਖਣ ਲਈ ਮੌਜੂਦਾ ਪ੍ਰਧਾਨ ਨੂੰ ਇਕ ਤਿਹਾਈ ਕੌਂਸਲਰਾਂ ਦਾ ਸਮਰਥਨ ਚਾਹੀਦਾ ਹੈ ਅਤੇ ਨਗਰ ਕੌਂਸਲ ਦੇ ਨਿਯਮਾਂ ਅਨੁਸਾਰ ਉਹ ਕੌਂਸਲ ਪ੍ਰਧਾਨ ਨੂੰ 14 ਦਿਨਾਂ ਦੇ ਅੰਦਰ ਮੀਟਿੰਗ ਸੱਦ ਕੇ ਬਹੁਮਤ ਸਾਬਿਤ ਕਰਨ ਲਈ ਪੱਤਰ ਲਿਖਣਗੇ।