ਨਿਜੀ ਪੱਤਰ ਪ੍ਰੇਰਕ
ਸੰਗਰੂਰ, 23 ਫਰਵਰੀ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਇਸ ਵਾਰ ਪੰਜਾਬ ਵਿੱਚ ਕੋਈ ਇੱਕ ਧਿਰ ਸਰਕਾਰ ਨਹੀਂ ਬਣਾ ਸਕੇਗੀ ਤੇ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਇਨ੍ਹਾਂ ਚੋਣਾਂ ਵਿੱਚ ਚਮਤਕਾਰੀ ਨਤੀਜੇ ਆਉਣ ਦੀ ਵਧੇਰੇ ਸੰਭਾਵਨਾ ਹੈ। ਘੱਟ ਸੀਟਾਂ ਉਪਰ ਚੋਣ ਲੜਨ ਦੇ ਸਵਾਲ ਦੇ ਜਵਾਬ ’ਚ ਸ੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਘੱਟੋ ਘੱਟ 50 ਸੀਟਾਂ ’ਤੇ ਚੋਣ ਲੜਨਾ ਚਾਹੁੰਦਾ ਸੀ ਪਰ ਖੇਤੀ ਕਾਨੂੰਨ ਰੱਦ ਕਰਨ ਵਿੱਚ ਹੋਈ ਦੇਰੀ ਤੇ ਪੰਥਕ ਮੁੱਦਿਆਂ ਬਾਰੇ ਯਕੀਨੀ ਤੌਰ ’ਤੇ ਲੰਮੀ ਚੱਲੀ ਗੱਲਬਾਤ ਤੇ ਗੱਠਜੋੜ ਬਣਨ ਵਿੱਚ ਦੇਰੀ ਹੋਈ ਜਿਸ ਕਾਰਨ ਸਾਨੂੰ ਕਈ ਸੀਟਾਂ ਛੱਡਣੀਆਂ ਪਈਆਂ। ਕੁਝ ਸੀਟਾਂ ਉਪਰ ਗੱਠਜੋੜ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਛੱਡਣੀਆਂ ਪਈਆਂ। ਢੀਂਡਸਾ ਨੇ ਦਾਅਵਾ ਕੀਤਾ ਕਿ ਮਾਨਸਾ, ਮੁਹਾਲੀ, ਧੂਰੀ, ਮਲੇਰਕੋਟਲਾ ਤੇ ਕਈ ਹੋਰ ਸੀਟਾਂ ਉਪਰ ਸਾਡੇ ਮਜ਼ਬੂਤ ਉਮੀਦਵਾਰ ਸਨ ਜਿਨ੍ਹਾਂ ’ਚ ਵੱਡੇ ਮਾਰਜਨ ਨਾਲ ਵੋਟਾਂ ਲੈੈਣ ਦੀ ਸਮਰੱਥਾ ਸੀ। ਸ੍ਰੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਸੋਚ ਨੂੰ ਮੁੜ ਸੁਰਜੀਤ ਕਰਨ ’ਚ ਸਫ਼ਲ ਹੋਈ ਹੈ। ਭਾਵੇਂ ਇਨ੍ਹਾਂ ਚੋਣਾਂ ਦੇ ਨਤੀਜੇ ਕੁਝ ਵੀ ਹੋਣ ਪਰ ਚੋਣਾਂ ਦੌਰਾਨ ਵੋਟਰਾਂ ਨੇ ਅਹਿਸਾਸ ਕਰਵਾ ਦਿੱਤਾ ਹੈ ਕਿ ਪੰਥਕ ਧਿਰ ਅਖਵਾਉਣ ਵਾਲੀ ਕੋਈ ਵਾਰਟੀ ਅਕਾਲੀ ਦਲ ਦੇ ਸਿਧਾਂਤਾਂ ਤੇ ਪੰਥਕ ਏਜੰਡਿਆਂ ਤੋਂ ਬੇਮੁੱਖ ਹੋ ਕੇ ਸਿਆਸਤ ਕਰਨ ਦੀ ਝਾਕ ਛੱਡ ਦੇਵੇ। ਉਨ੍ਹਾਂ ਕਿਹਾ ਕਿ ਕਿਸੇ ਪਾਰਟੀ ਦੀ ਤਸਵੀਰ ਸੰਵਾਰਨ ’ਚ ਬੜਾ ਸਮਾਂ ਲੱਗਦਾ ਹੈ ਪਰ ਉਨ੍ਹਾਂ ਦੀ ਪਾਰਟੀ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਅਜਿਹੀ ਭੂਮਿਕਾ ਅਦਾ ਕੀਤੀ ਜਿਸ ਨਾਲ ਹਰ ਵਰਗ ਤੇ ਹਰ ਖੇਤਰ ਦੇ ਲੋਕ ਜੁੜੇ ਹਨ।
ਚੋਣ ਪ੍ਰਚਾਰ ਤੋਂ ਵਿਹਲੇ ਹੋਏ ਸ੍ਰੀ ਢੀਂਡਸਾ ਨੇ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸੋਚ ਨੂੰ ਖੁੰਢੀ ਕਰਨ ਦੇ ਪੈਂਤੜੇ ਲਏ ਤੇ ਪਾਰਟੀ ਦੀ ਪੰਥਕ ਸੋਚ ਬਦਲੀ ਪਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਉਸੇ ਤਰ੍ਹਾਂ ਚਟਾਨ ਬਣ ਕੇ ਅਕਾਲੀ ਸੋਚ ਨੂੰ ਮੁੜ ਸੁਰਜੀਤ ਕਰਨ ਤੇ ਪੰਥਕ ਏਜੰਡਿਆਂ ’ਤੇ ਪਹਿਰਾ ਦੇਣ ਲਈ ਯਤਨ ਕੀਤੇ ਗਏ।