ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 10 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਉਠੇ ਵਿਵਾਦ ’ਤੇ ਪੰਜਾਬੀ ਗਾਇਕ ਤੇ ਫ਼ਿਲਮ ਅਦਾਕਾਰ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਨੇ ਕਿਹਾ ਕਿ ਉਹ ਇੱਕ ਕਲਾਕਾਰ ਹੈ ਤੇ ਕਲਾਕਰ ਦਾ ਕੰਮ ਲੋਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ। ਕਿਸੇ ਪਾਰਟੀ ਦਾ ਪ੍ਰਚਾਰ ਜਾਂ ਪਸਾਰ ਕਰਨਾ ਨਹੀਂ। ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ’ਚ ਪ੍ਰੋਗਰਾਮ ਪੇਸ਼ ਕਰਕੇ ਕੋਈ ਗੁਨਾਹ ਨਹੀਂ ਕੀਤਾ ਕਿਉਂਕਿ ਇੱਕ ਕਲਾਕਾਰ ਪਿੰਡ ਦੀ ਸ਼ਾਮਲਾਟ ਵਰਗਾ ਹੁੰਦਾ ਹੈ ਜਿਸ ’ਤੇ ਕਿਸੇ ਦਾ ਵੀ ਕਬਜ਼ਾ ਨਹੀਂ ਹੁੰਦਾ। ਉਹ ਦਿੜ੍ਹਬਾ ਵਿੱਚ ਕਿਸਾਨੀ ਆਧਾਰਤ ਆਪਣੇ ਗੀਤ ‘ਫਾਹਾ’ ਦੇ ਰਿਲੀਜ਼ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਸ ਨੇ ਕਿਹਾ ਕਿ ਕਲਾਕਾਰ ਦਾ ਨਾ ਕੋਈ ਧਰਮ ਹੁੰਦਾ ਹੈ ਤੇ ਨਾ ਹੀ ਕੋਈ ਜਾਤ। ਉਸ ਦਾ ਕੰਮ ਸਿਰਫ ਲੋਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ। ਉਹ ਤਾਂ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਲੁਧਿਆਣਾ ਤੇ ਪਟਿਆਲਾ ਰੈਲੀਆਂ, ਰਾਹੁਲ ਗਾਂਧੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਦੀਆਂ ਰੈਲੀਆਂ ਵਿੱਚ ਪ੍ਰੋਗਰਾਮ ਪੇਸ਼ ਕਰ ਚੁੱਕਾ ਹੈ।
ਹੁਣ ਉਸਦੇ ਪੋਗਰਾਮ ’ਤੇ ਅਜਿਹਾ ਵਿਵਾਦ ਕਿਉਂ ਕੀਤਾ ਜਾ ਰਿਹਾ ਹੈ ਹਾਲਾਂਕਿ ਉਹ ਕਿਸੇ ਕਿਸਾਨ ਜਥੇਬੰਦੀ ਦਾ ਮੈਂਬਰ ਜਾਂ ਕਿਸੇ ਰਾਜਨੀਤਕ ਪਾਰਟੀ ਦਾ ਹਿੱਸਾ ਨਹੀਂ ਹੈ ਅਤੇ ਨਾ ਹੀ ਉਸਨੇ ਕੋਈ ਚੋਣ ਲੜਨੀ ਹੈ।
ਉਸ ਨੇ ਕਿਹਾ ਕਿ ਉਸਦੇ ਪਰਿਵਾਰ ਦਾ ਪਿਛੋਕੜ ਤੇ ਉਹ ਖੁਦ ਕਿਸਾਨੀ ਨਾਲ ਸਬੰਧਤ ਹੋਣ ਕਰਕੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸਾਂ ਵਿੱਚ ਅਕਸਰ ਹੀ ਸ਼ਾਮਲ ਹੋ ਕੇ ਯੋਗਦਾਨ ਪਾ ਚੁੱਕਾ ਹਾਂ ਤੇ ਭਵਿੱਖ ਵੀ ਪਾਉਂਦਾ ਰਹਾਂਗਾ ਜਦੋਂਕਿ ਕਲਾਕਾਰੀ ਮੇਰਾ ਰੁਜ਼ਗਾਰ ਹੈ ਤੇ ਮੇਰੇ ਇਸ ਰੁਜ਼ਗਾਰ ਨਾਲ ਮੇਰਾ ਪਰਿਵਾਰ ਤੇ ਦੋ ਦਰਜਨ ਤੋਂ ਵੱਧ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਗੁਜ਼ਾਰਾ ਹੁੰਦਾ ਹੈ। ਇਸ ਤੋਂ ਪਹਿਲਾਂ ਡਾ. ਪਿਆਰੇ ਲਾਲ ਗਰਗ, ਡਾ. ਕਰਮਜੀਤ ਸਰਾਂ ਸਾਬਕਾ ਆਈਏਐੱਸ, ਡਾ. ਰਾਜੀ ਤੇ ਜੀਤ ਕਪਿਆਲ ਵੱਲੋਂ ਕਿਸਾਨੀ ਆਧਾਰਤ ਗੀਤ ‘ਫਾਹਾ’ ਦਾ ਪੋਸਟਰ ਰਿਲੀਜ਼ ਕੀਤਾ ਗਿਆ।