ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜਨਵਰੀ
ਕਿਸਾਨੀ ਹਿਤਾਂ ਲਈ ਜੂਝਦਿਆਂ ਸੰਘਰਸ਼ੀ ਮੋਰਚਿਆਂ ’ਚ ਹੀ ਕਿਸਾਨਾਂ ਦਾ ਨਵਾਂ ਸਾਲ ਚੜ੍ਹਿਆ। ਸੈਂਕੜੇ ਕਿਸਾਨ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਡੀ.ਸੀ. ਦਫ਼ਤਰਾਂ ਅੱਗੇ ਦਿਨ-ਰਾਤ ਦੇ ਚੱਲ ਰਹੇ ਪੱਕੇ ਮੋਰਚਿਆਂ ’ਤੇ ਡਟੇ ਹੋਏ ਹਨ। ਪੋਹ ਦੀ ਠੰਢ ’ਚ ਡੀ.ਸੀ. ਦਫ਼ਤਰ ਦੇ ਆਲੇ ਦੁਆਲੇ ਵੱਡੀ ਤਾਦਾਦ ’ਚ ਖੜ੍ਹੀਆਂ ਟਰਾਲੀਆਂ ਹੀ ਕਿਸਾਨਾਂ ਦਾ ਰੈਣ ਬਸੇਰਾ ਬਣੀਆਂ ਹੋਈਆਂ ਹਨ। ਸਾਲ 2021 ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਚੱਲ ਰਹੇ ਮੋਰਚੇ ’ਚ ਚੜ੍ਹਿਆ ਸੀ ਅਤੇ ਸਾਲ 2022 ਹੁਣ ਡੀ.ਸੀ. ਦਫ਼ਤਰਾਂ ਅੱਗੇ ਚੱਲ ਰਹੇ ਪੱਕੇ ਮੋਰਚਿਆਂ ’ਚ ਚੜ੍ਹਿਆ ਹੈ। ਫਰਕ ਸਿਰਫ ਏਨਾ ਹੈ ਕਿ ਪਹਿਲਾਂ ਲੜਾਈ ਕੇਂਦਰ ਸਰਕਾਰ ਨਾਲ ਸੀ ਅਤੇ ਹੁਣ ਪੰਜਾਬ ਸਰਕਾਰ ਨਾਲ ਹੈ।
ਮੌਜੂਦਾ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਕਰਾਉਣ ਅਤੇ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਲੰਘੀ 20 ਦਸੰਬਰ ਤੋਂ ਸੈਂਕੜੇ ਕਿਸਾਨ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਡੀ.ਸੀ. ਦਫ਼ਤਰ ਅੱਗੇ ਪੱਕੇ ਮੋਰਚਿਆਂ ’ਚ ਡਟੇ ਹੋਏ ਹਨ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਰੋਜ਼ਾਨਾ ਹਜ਼ਾਰਾਂ ਕਿਸਾਨ ਅਤੇ ਕਿਸਾਨ ਬੀਬੀਆਂ ਪੱਕੇ ਰੋਸ ਧਰਨੇ ’ਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਦੀਆਂ ਹਨ। ਦਿਨ ਦੇ ਧਰਨਿਆਂ ਦੀ ਸਮਾਪਤੀ ਮਗਰੋਂ ਸੈਂਕੜੇ ਕਿਸਾਨ ਰਾਤ ਨੂੰ ਰੈਣ ਬਸੇਰਾ ਬਣੀਆਂ ਆਪੋ ਆਪਣੀਆਂ ਟਰਾਲੀਆਂ ਕੋਲ ਚਲੇ ਜਾਂਦੇ ਹਨ। ਇਨ੍ਹਾਂ ਟਰਾਲੀਆਂ ’ਤੇ ਪਿੰਡ ਅਤੇ ਬਲਾਕ ਦੇ ਨਾਮ ਵਾਲੇ ਬੈਨਰ ਲੱਗੇ ਹੋਏ ਹਨ। ਦਿਨ ਵੇਲੇ ਚਾਹ ਦਾ ਲੰਗਰ ਤਿਆਰ ਕਰ ਕੇ ਹਜ਼ਾਰਾਂ ਕਿਸਾਨਾਂ ਨੂੰ ਵਰਤਾਇਆ ਜਾਂਦਾ ਹੈ। ਭਾਵੇਂ ਨਵੇਂ ਵਰ੍ਹੇ ਦੀ ਆਮਦ ਦੀ ਖੁਸ਼ੀ ਵਿਚ ਦੇਸ਼ ਭਰ ਵਿਚ ਸਮਾਗਮ ਕਰ ਕੇ ਜ਼ਸ਼ਨ ਮਨਾਏ ਜਾਂਦੇ ਹਨ ਪਰੰਤੂ ਅੰਨਦਾਤਾ ਆਪਣੀਆਂ ਖੁਸ਼ੀਆਂ ਭੁਲਾ ਕੇ ਹਰ ਵਰਗ ਦੇ ਹਿੱਤਾਂ ਲਈ ਸੰਘਰਸ਼ੀ ਮੋਰਚਿਆਂ ’ਤੇ ਜੂਝ ਰਿਹਾ ਹੈ। ਲੰਘੀ ਰਾਤ 12 ਵਜੇ ਜਦੋਂ ਦੇਸ਼ ਵਾਸੀ ਨਵੇਂ ਵਰ੍ਹੇ ਦੇ ਜਸ਼ਨ ਮਨਾ ਰਹੇ ਸਨ, ਉਦੋਂ ਕਿਸਾਨ ਡੀ.ਸੀ. ਕੰਪਲੈਕਸ ਦੇ ਬਾਹਰ ਸੜਕ ਕਿਨਾਰੇ ਖੜ੍ਹੀਆਂ ਟਰਾਲੀਆਂ ’ਚ ਡਟੇ ਹੋਏ ਸਨ।
ਕਿਸਾਨ ਜਗਤਾਰ ਸਿੰਘ ਨੇ ਕਿਹਾ ਕਿ ਸਾਲ 2021 ਜਦੋਂ ਚੜ੍ਹਿਆ ਸੀ, ਉਦੋਂ ਉਹ ਦਿੱਲੀ ਦੇ ਟਿਕਰੀ ਬਾਰਡਰ ’ਤੇ ਸੰਘਰਸ਼ੀ ਮੋਰਚੇ ਵਿਚ ਸੀ ਅਤੇ ਹੁਣ ਸਾਲ 2022 ਦੀ ਆਮਦ ਮੌਕੇ ਇਥੇ ਸੰਘਰਸ਼ੀ ਮੋਰਚੇ ’ਚ ਹੈ। ਕਿਸਾਨ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਖੇਤੀ ਅਤੇ ਕਿਸਾਨੀ ਉਪਰ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਹਮਲੇ ਹੋਣ ਉਦੋਂ ਸੰਘਰਸ਼ਾਂ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿੰਦਾ। ਉਸ ਨੇ ਕਿਹਾ ਕਿ ਨਾ ਲੰਘ ਗਏ ਸਾਲ ਦਾ ਗ਼ਮ ਹੈ ਅਤੇ ਨਾ ਨਵੇਂ ਚੜ੍ਹੇ ਸਾਲ ਦੀ ਖੁਸ਼ੀ ਹੈ ਪਰੰਤੂ ਸਾਲ 2021 ’ਚ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਕਿਸਾਨ ਅੰਦੋਲਨ ਦੀ ਜਿੱਤ ਹਮੇਸ਼ਾ ਯਾਦ ਰਹੇਗੀ।
ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਚੋਣਾਂ ਦਾ ਸਮਾਂ ਨੇੜੇ ਆਉਣ ਕਾਰਨ ਸਿਆਸੀ ਪਾਰਟੀਆਂ ਵੋਟਾਂ ਦੀ ਫਸਲ ਵੱਢਣ ਲਈ ਲੋਕਾਂ ਨੂੰ ਭਰਮਾ ਰਹੀਆਂ ਹਨ। ਉਨ੍ਹਾਂ ਦਾ ਪੰਜਾਬ ਦੇ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਨੀਆਂ ਮੰਗਾਂ ਲਾਗੂ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ।