ਹਰਦੀਪ ਸਿੰਘ ਸੋਢੀ
ਧੂਰੀ, 23 ਅਕਤੂਬਰ
ਸ਼ਹਿਰ ਵਿਚ ਕਰੋੜਾਂ ਦੀ ਲਾਗਤ ਨਾਲ ਬਣਾਈਆਂ ਸੜਕਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਗ਼ਲਤੀਆਂ ਕਾਰਨ ਪੁੱਟ ਕੇ ਵਿਕਾਸ ਕੰਮਾਂ ਦੀ ਓਟ ਹੇਠ ਤੋੜਿਆ ਜਾ ਰਿਹਾ ਹੈ। ਲੋਕਾਂ ਵੱਲੋਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਸ਼ਹਿਰ ਵਿਚ ਪਾਰਕ ਰੋਡ, ਲੋਹਾ ਬਾਜ਼ਾਰ, ਐਸਡੀ ਸਕੂਲ ਕੋਲ ਸੀਵਰੇਜ ਵਿਭਾਗ ਵੱਲੋਂ ਸੀਵਰੇਜ ਦੇ ਢੱਕਣ ਉੱਚੇ ਚੁੱਕਣ ਦੀ ਓਟ ਹੇਠ ਨਵੀਆਂ ਬਣੀਆਂ ਸੜਕਾਂ ਤੋੜੀਆਂ ਜਾ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਵੱਖ-ਵੱਖ ਵਿਭਾਗਾਂ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਨਵੀਆਂ ਸੜਕਾਂ ਪੁੱਟੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਉੱਪਰ ਵੱਖ-ਵੱਖ ਥਾਵਾਂ ’ਤੇ ਬਣਾਏ ਸਪੀਡ ਬਰੇਕਰਾਂ ਦਾ ਮਾਮਲਾ ਵੀ ਭਖਿਆ ਹੋਇਆ ਹੈ।
ਇਸ ਸਬੰਧੀ ਸੀਵਰੇਜ ਵਿਭਾਗ ਦੇ ਐਸਡੀਓ ਪਰਮਿੰਦਰ ਸਿੰਘ ਨੇ ਕਿਹਾ ਉਨ੍ਹਾਂ ਵੱਲੋਂ ਐਮਰਜੈਂਸੀ ਹਾਲਤ ਵਿੱਚ ਸੜਕਾਂ ਉੱਪਰ ਢੱਕਣ ਚੁੱਕੇ ਜਾਂਦੇ ਹਨ। ਉਨ੍ਹਾਂ ਕਿਹਾ ਢੱਕਣਾਂ ਨੂੰ ਸੜਕ ਬਣਾਉਣ ਸਮੇਂ ਉੱਚਾ ਕਰਨਾ ਨਗਰ ਕੌਂਸਲ ਧੂਰੀ ਦਾ ਕੰਮ ਹੈ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਰਵੀ ਕੁਮਾਰ ਨੇ ਕਿਹਾ ਉਹ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾ ਦੇਣਗੇ।