ਪੱਤਰ ਪ੍ਰੇਰਕ
ਲਹਿਰਾਗਾਗਾ, 30 ਜਨਵਰੀ
ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਨੂੰਹ ਨੇਹਾ ਸਿੱਧੂ ਨੇ ਪਿੰਡ ਭਾਈ ਕੀ ਪਿਸ਼ੌਰ ਸਣੇ ਹੋਰਨਾਂ ਪਿੰਡਾਂ ’ਚ ਬੀਬੀ ਭੱਠਲ ਦੇ ਹੱਕ ’ਚ ਪ੍ਰਚਾਰ ਕਰਦਿਆਂ ਕਿਹਾ ਕਿ ਸਮੁੱਚੇ ਪੰਜਾਬ ਅੰਦਰ ਕਾਂਗਰਸ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਭੱਠਲ ਪਰਿਵਾਰ ਹਮੇਸ਼ਾ ਹੀ ਹਲਕੇ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ ਅਤੇ ਬੀਬੀ ਭੱਠਲ ਦੇ ਸਿਆਸੀ ਕੱਦ ਦੇ ਚੱਲਦਿਆਂ ਲਹਿਰਾਗਾਗਾ ਅੱਜ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਬੀਬੀ ਭੱਠਲ ਵੱਲੋਂ ਮਹਿਲਾਵਾਂ ਲਈ ਸੈਲਫ ਹੈਲਪ ਗਰੁੱਪ ਬਣਾ ਕੇ ਉਨ੍ਹਾਂ ਨੂੰ ਮਾਰਕੀਟਿੰਗ ਦੀ ਸਹੂਲਤ ਦਿੱਤੀ ਗਈ, ਜਿਸ ਕਾਰਨ ਸੈਂਕੜੇ ਮਹਿਲਾਵਾਂ ਆਤਮ-ਨਿਰਭਰ ਹਨ।