ਪੱਤਰ ਪ੍ਰੇਰਕ
ਲਹਿਰਾਗਾਗਾ, 2 ਸਤੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਲਾਕਾ ਲਹਿਰਾਗਾਗਾ ਦੀ ਮੀਟਿੰਗ ਰਾਮਪਾਲ ਸਿੰਘ ਘੋੜੇਨਬ ਜਸਵੰਤ ਸਿੰਘ ਦੇਹਲਾ ਅਤੇ ਮੱਖਣ ਸਿੰਘ ਜਲੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਸਤਿਗੁਰ ਸਿੰਘ ਰਾਏਧਰਾਣਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਚੰਡੀਗੜ੍ਹ ਭਵਨ ਹੋਈ ਸੀ ਜਿਸ ਵਿੱਚ ਲਾਲ ਲਕੀਰ ਦੇ ਮਾਲਕਾਨਾ ਹੱਕ ਦੇਣ ਦੀ ਗੱਲ ਤਾਂ ਮੰਨ ਲਈ ਗਈ ਸੀ। ਉਨ੍ਹਾਂ ਕਿਹਾ ਕਿ ਨਜ਼ੂਲ ਜ਼ਮੀਨਾਂ ਦੇ ਮਾਲਕਾਨਾ ਹੱਕ ਸਬੰਧੀ ਅਜੇ ਵੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਗਿਆ ਹੈ ਪਰ ਉਸ ਵਿੱਚ ਵਾਧੂ ਦੀਆਂ ਸ਼ਰਤਾਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼ਰਤਾਂ ਤਹਿਤ ਦਲਿਤਾਂ ਦੀਆਂ ਜ਼ਮੀਨਾਂ ਗੈਰ ਦਲਿਤਾਂ ਮਾਲਕੀ ਹੱਕ ਦੇਣ ਦਾ ਰਾਹ ਪੱਧਰਾ ਕੀਤਾ ਗਿਆ ਹੈ ਅਤੇ ਡੀਸੀ ਰੇਟ ਦਾ 30 ਫ਼ੀਸਦੀ ਵਾਧੂ ਲਾ ਕੇ ਦਲਿਤਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਿਸ ਨੂੰ ਹਟਾਉਣ ਲਈ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਇਕੱਠ ’ਚ ਮਿਲਕੇ ਮੰਗ ਪੱਤਰ ਦੇ ਕੇ ਕੈਬਨਿਟ ਵਿੱਚ ਮੰਗ ਉਠਾਉਣ ਲਈ ਗੱਲ ਰੱਖੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਦਲਿਤਾਂ ਨੂੰ ਮੈਂਬਰ ਨਾ ਬਣਾਉਣ ਵਾਲੀਆਂ ਸਭਾਵਾਂ ਅੱਗੇ ਧਰਨੇ ਦਿੱਤੇ ਜਾਣਗੇ।