ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਮਈ
ਪੰਜਾਬ ਸਰਕਾਰ ਵੱਲੋਂ ਜੰਮੂ ਕੱਟੜਾ ਐਕਸਪ੍ਰੈਸ ਵੇਅ ਲਈ ਕਿਸਾਨਾਂ ਤੋਂ ਬਹੁਤ ਘੱਟ ਰੇਟ ’ਤੇ ਜਬਰੀ ਜ਼ਮੀਨਾਂ ਖੋਹਣ ਦੇ ਵਿਰੋਧ ਵਿੱਚ ਰੋਡ ਕਿਸਾਨ ਸੰਘਰਸ਼ ਕਮੇਟੀ ਜ਼ਿਲ੍ਹਾ ਸੰਗਰੂਰ ਵੱਲੋਂ ਅੱਜ ਇੱਥੋਂ ਨੇੜਲੇ ਪਿੰਡ ਰੋਸ਼ਨਵਾਲਾ ਵਿਖੇ ਚੌਥੇ ਦਿਨ ਵੀ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਜਾਮ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਜਿਲ੍ਹਾ ਪ੍ਰਧਾਨ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ, ਗੁਰਨੈਬ ਸਿੰਘ ਫੱਗੂਵਾਲਾ ,ਦਰਸ਼ਨ ਸਿੰਘ ਕਮਾਲਪੁਰ, ਗਿਆਨ ਸਿੰਘ ਭਵਾਨੀਗੜ੍ਹ, ਅਨੋਖ ਸਿੰਘ ਵਿਰਕ, ਜਸਵਿੰਦਰ ਸਿੰਘ ਜੱਸੀ, ਮਾਸਟਰ ਨਿਰਪਾਲ ਸਿੰਘ , ਸੁਖਦੇਵ ਸਿੰਘ ਅਤੇ ਕਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਅੱਗੇ ਰੋਸ਼ ਮੁਜਾਹਰੇ ਕੀਤੇ ਗਏ ,ਪਰ ਸਰਕਾਰ ਜਮੀਨ ਦੀ ਮਾਰਕੀਟ ਕੀਮਤ ਨਾਲ ਹੋਰ ਫੈਕਟਰ ਜੋੜਕੇ ਅਤੇ ਉਜਾੜਾ ਭੱਤਾ ਆਦਿ ਦੇਣ ਲਈ ਤਿਆਰ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਦਿੱਤੇ ਗਏ ਅਲਟੀਮੇਟਮ ਦੇ ਬਾਵਜੂਦ ਜਦੋਂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਅੱਜ ਨੈਸ਼ਨਲ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਏ ਹਨ। ਇਸੇ ਦੌਰਾਨ ਨੈਬ ਤਹਿਸੀਲਦਾਰ ਰਾਜੇਸ਼ ਆਹੂਜਾ ਅਤੇ ਡੀਐੱਸਪੀ ਸੁਖਰਾਜ ਸਿੰਘ ਘੁੰਮਣ ਵੱਲੋਂ ਧਰਨੇ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਵੱਲੋਂ ਇਸ ਮਸਲੇ ਤੇ 24 ਮਈ ਨੂੰ ਸੰਘਰਸ਼ ਕਮੇਟੀ ਨਾਲ ਮੀਟਿੰਗ ਤੈਅ ਕਰਨ ਸਬੰਧੀ ਸੱਦਾ ਪੱਤਰ ਦੇਣ ਉਪਰੰਤ ਨੈਸ਼ਨਲ ਹਾਈਵੇਅ ਦਾ ਇਕ ਪਾਸਾ ਖੋਲ੍ਹ ਦਿੱਤਾ ਹੈ।