ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਅਕਤੂਬਰ
ਇਥੇ ਰਿਲਾਇੰਸ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ ਦੀ ਅਗਵਾਈ ’ਚ ਪੱਕਾ ਮੋਰਚੇ ਦੇ ਦੂਜੇ ਸਾਲ ਦੇ ਪਹਿਲੇ ਦਿਨ ਉਨ੍ਹਾਂ ਨੇ ਸੰਘਰਸ਼ ਦਾ ਕਾਰਜਭਾਰ ਸੰਭਾਲਿਆ। ਉਨ੍ਹਾਂ ਕਿਹਾ ਕਿ ਔਰਤਾਂ ਘਰ ਦੇ ਕੰਮਾਂ ਵਿੱਚ ਸਵੇਰੇ ਚਾਰ ਵਜੇ ਤੋਂ ਹੀ ਜੁਟ ਜਾਂਦੀਆਂ ਹਨ ਤੇ ਦੇਰ ਰਾਤ ਸਾਰੇ ਪਰਿਵਾਰ ਤੋਂ ਬਾਅਦ ਸੌਂਦੀਆਂ ਹਨ। ਸਮਾਜ ਸਾਨੂੰ ਬੇਗਾਨੀਆਂ ਧੀਆਂ , ਬੇਗਾਨਾ ਧਨ ਕਹਿੰਦਾ ਸੀ ਪਰ ਉਹ ਕਿਸਾਨ ਜਥੇਬੰਦੀਆਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਸਾਨੂੰ ਬਰਾਬਰ ਦਾ ਮਾਣ ਸਤਿਕਾਰ ਦਿੱਤਾ ਹੈ।
ਜਥੇਬੰਦੀ ਦੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ, ਸੈਕਟਰੀ ਬਲਜੀਤ ਸਿੰਘ, ਹਰਜਿੰਦਰ ਸਿੰਘ ਨੰਗਲਾ ਆਦਿ ਨੇ ਕਿਹਾ ਕਿ ਸਾਉਣੀ ਦੀ ਫਸਲ ਝੋਨਾ ਪੱਕ ਕੇ ਤਿਆਰ ਹੈ ਪਰ ਅਨਾਜ ਮੰਡੀਆਂ ’ਚ ਸਰਕਾਰ ਝੋਨੇ ਦੇ ਬਹਾਨੇ ਵੱਡੇ ਵਪਾਰੀਆਂ ਨੂੰ ਫਾਇਦਾ ਦੇਣ ਦੀ ਚਾਲ ਚੱਲ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਬਾਰਸ਼ ਕਾਰਨ ਨਮੀ ਦਾ ਬੇਤੁਕਾ ਬਹਾਨਾ ਲਗਾ ਰਹੀ ਹੈ ਜਦਕਿ ਝੋਨੇ ਦੀ ਠੀਕ ਢੰਗ ਨਾਲ ਖਰੀਦ ਨਾ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਉਨ੍ਹਾਂ ਕਿਹਾ ਕਿ ਅੱਜ ਸੰਗਰੂਰ ਤੇ ਪਟਿਆਲਾ ਹਲਕੇ ’ਚ ਹੋਈ ਬਾਰਸ਼ ਨਾਲ ਝੋਨਾ ਹੋਰ ਨੁਕਸਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਰ ਹੀਲੇ ਝੋਨੇ ਦੀ ਖਰੀਦ ਲਈ ਮਜ਼ਬੂਰ ਕਰਨਾ ਚਾਹੀਦਾ ਹੈ। ਕਿਸਾਨ ਜਥਬੰਦੀ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੂੰ ਅਪਣੇ ਦੇਸ਼ ਦੇ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਪਰ ਕਿਸਾਨ ਵੱਲੋਂ ਅਪਣੀਆ ਮੰਗਾਂ ਮੰਨਣ ਤੱਕ ਧਰਨੇ ਲਾਉਣਗੇ।
ਕਿਸਾਨੀ ਮੁੱਦਿਆਂ ਨੂੰ ਲੈ ਕੇ ਘਨੌਰੀ ਕਲਾਂ ’ਚ ਭਰਵੀਂ ਮੀਟਿੰਗ
ਸ਼ੇਰਪੁਰ (ਬੀਰਬਲ ਰਿਸ਼ੀ): ਕਿਸਾਨਾਂ ਦੀ ਮੀਟਿੰਗ ਗੁਰਦੁਆਰਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਘਨੌਰੀ ਕਲਾਂ ਵਿੱਚ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਰਘਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਤਿੰਨ ਮਾਮਲਿਆਂ ’ਤੇ ਭਖ਼ਵੀਂ ਬਹਿਸ ਹੋਈ। ਕਿਸਾਨ ਨੇਤਾ ਮਾਸਟਰ ਕੁਲਵੰਤ ਸਿੰਘ ਘਨੌਰੀ, ਕਰਮਜੀਤ ਸਿੰਘ ਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਅੱਠ ਘੰਟੇ ਪ੍ਰਤੀ ਦਿਨ ਦਿੱਤੀ ਜਾਂਦੀ ਬਿਜਲੀ ਹੁਣ ਦੋ ਦਿਨਾਂ ਵਿੱਚ 16 ਘੰਟਿਆਂ ਦੀ ਥਾਂ ਮਹਿਜ਼ 10 ਘੰਟੇ ਹੀ ਮਿਲਣੀ ਸ਼ੁਰੂ ਹੋ ਗਈ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਕਿਰਤੀ ਕਿਸਾਨ ਯੂਨੀਅਨ ਦੇ ਬਲਵੀਰ ਸਿੰਘ ਨੇ ਕਿਹਾ ਕਿ ਝੋਨੇ ਨੂੰ ਹੁਣ ਆਖਰੀ ਪਾਣੀ ਲੱਗਣਾ ਹੈ ਜਿਸ ਦੀ ਗਿੱਲ ਦੇ ਅਧਾਰ ’ਤੇ ਹੀ ਅੱਗੇ ਕਣਕ ਦੀ ਬਿਜਾਈ ਹੋਣੀ ਹੈ ਪਰ ਬਿਜਲੀ ਸਪਲਾਈ ’ਚ ਘਾਟ ਕਿਸਾਨਾਂ ਲਈ ਪ੍ਰੇਸ਼ਾਨੀ ਬਣਦੀ ਜਾ ਰਹੀ ਹੈ। ਮੀਟਿੰਗ ਵਿੱਚ ਕਿਸਾਨ ਆਗੂ ਧੰਨਾ ਸਿੰਘ, ਮਲਕੀਤ ਸਿੰਘ, ਬਘੇਰਾ ਸਿੰਘ, ਗੁਰਲਾਲ ਸਿੰਘ, ਬੰਤ ਸਿੰਘ ਤੇ ਖੇਤ ਮਜ਼ਦੂਰ ਆਗੂ ਜਾਗਰ ਸਿੰਘ ਆਦਿ ਹਾਜ਼ਰ ਸਨ। ਇਸੇ ਦੌਰਾਨ ਬੀਕੇਯੂ ਡਕੌਂਦਾ ਦੇ ਆਗੂ ਬਲਵੰਤ ਸਿੰਘ, ਕਰਮਜੀਤ ਸਿੰਘ ਤੇ ਸੁਖਵਿੰਦਰ ਸਿੰਘ ਲੀਲਾ ਦੀ ਅਗਵਾਈ ਹੇਠ ਪਿੰਡ ਦੀ ਵਾਟਰ ਵਰਕਸ ’ਤੇ ਪਾਵਰਕੌਮ ਵੱਲੋਂ ਲਗਾਇਆ ਚਿੱਪ ਵਾਲਾ ਮੀਟਰ ਲਾਹ ਕੇ ਵਿਭਾਗ ਨੂੰ ਸੌਂਪਿਆ ਗਿਆ।