ਬੀਰਬਲ ਰਿਸ਼ੀ
ਸ਼ੇਰਪਰ, 16 ਅਪਰੈਲ
ਦੁਬਈ ਤੋਂ ਭਾਰਤ ਪਰਤੇ ਬਲਾਕ ਸ਼ੇਰਪੁਰ ਦੇ ਪਿੰਡ ਸਲੇਮਪੁਰ ਨਾਲ ਸਬੰਧਤ ਨੌਜਵਾਨ ਟੇਕਪ੍ਰੀਤ ਸਿੰਘ ਉਰਫ਼ ਸੰਨੀ ਦੀ ਘਰ ਪਹੁੰਚਣ ਤੋਂ ਪਹਿਲਾਂ ਹੀ ਭੇਤਭਰੀ ਹਾਲਤ ਵਿੱਚ ਮੌਤ ਹੋਣ, ਪੁਲੀਸ ਵੱਲੋਂ ਨੌਜਵਾਨ ਦਾ ਸਸਕਾਰ ਕਰਨ ਅਤੇ ਸਬੰਧਤ ਜਾਂਚ ਅਧਿਕਾਰੀ ਵੱਲੋਂ ਕਥਿਤ ਤੌਰ ’ਤੇ ਕੁਝ ਤੱਥ ਛੁਪਾਉਣ ਕਾਰਨ ਪੁਲੀਸ ਦੀ ਭੂਮਿਕਾ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਮਰਹੂਮ ਨੌਜਵਾਨ ਦੇ ਪਿਤਾ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਦਰਖਾਸਤਾਂ ਵਿੱਚ ਆਪਣੇ ਪੁੱਤਰ ਦਾ ਕਤਲ ਹੋਣ ਦੇ ਸ਼ੰਕੇ ਪ੍ਰਗਟ ਕਰਦਿਆਂ ਅਣਪਛਾਤੇ ਵਿਅਕਤੀਆਂ ਅਤੇ ਕਥਿਤ ਲਾਪ੍ਰਵਾਹੀ ਵਰਤਣ ਵਾਲੇ ਪੁਲੀਸ ਅਧਿਕਾਰੀ/ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਟੇਕ ਪ੍ਰੀਤ ਸਿੰਘ ਦੁਬਈ ਤੋਂ ਚੰਡੀਗੜ੍ਹ ਏਅਰਪੋਰਟ ਉੱਤੇ ਵਾਪਸ ਪੁੱਜਿਆ ਪਰ ਪਰ ਜਦੋਂ ਦੋ ਦਿਨ ਤੱਕ ਘਰ ਵਾਪਸ ਨਾ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਥਾਣਾ ਸ਼ੇਰਪੁਰ ਵਿੱਚ ਇਸ ਘਟਨਾਕ੍ਰਮ ਦੀ ਇਤਲਾਹ ਦਿੱਤੀ।
ਮਰਹੂਮ ਦੇ ਪਿਤਾ ਹਰਵਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਪੁਲੀਸ ’ਤੇ ਲਾਪ੍ਰਵਾਹੀ ਦੇ ਦੋਸ਼ ਲਾਉਂਦਿਆਂ ਮਾਮਲੇ ਦੀ ਉੱਚ ਪੱਧਰੀ ਪੜਤਾਲ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਭੇਜੇ। ਉਨ੍ਹਾਂ ਕਿਹਾ ਕਿ ਉਸ ਨੂੰ ਪੁਲੀਸ ਨੇ ਆਪਣੇ ਕੋਲ ਬੁਲਾਇਆ ਅਤੇ ਇੱਕ ਉਸ ਦੇ ਪੁੱਤਰ ਦੀ ਤਸਵੀਰ ਦਿਖਾ ਕੇ ਸ਼ਨਾਖਤ ਕਰਵਾਈ ਅਤੇ ਜਾਣਕਾਰੀ ਦਿੱਤੀ ਕਿ ਇਸ ਦਾ ਐਕਸੀਡੈਂਟ ਹੋਣ ਦਾ ਸ਼ੱਕ ਹੈ, ਇਸ ਦਾ ਪੋਸਟ ਮਾਰਟਮ ਕਰਵਾ ਕੇ ਸਸਕਾਰ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ 11 ਤੇ 12 ਅਪਰੈਲ ਦੀ ਦਰਮਿਆਨੀ ਰਾਤ ਟੌਲ ਪਲਾਜ਼ਾ ਲੱਡਾ ਤੋਂ ਸੁਨੇਹਾ ਮਿਲਿਆ ਕਿ ਇੱਕ ਨੌਜਵਾਨ ਡਿੱਗਿਆ ਪਿਆ ਹੈ ਜਿਸ ਨੂੰ ਪੁਲੀਸ ਪਾਰਟੀ ਨੇ ਸਰਕਾਰੀ ਹਸਪਤਾਲ ਧੂਰੀ ਪਹੁੰਚਾਇਆ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਪੋਸਟ ਮਾਰਟਮ ਕਰਵਾਇਆ ਅਤੇ ਲਾਸ਼ 72 ਘੰਟੇ ਤੱਕ ਮੋਰਚਰੀ ਵਿੱਚ ਰਹੀ ਜਿਸ ਮਗਰੋਂ ਉਸ ਦਾ ਸਸਕਾਰ ਕਰ ਦਿੱਤਾ ਗਿਆ। ਡੀਐੱਸਪੀ ਧੂਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਐੱਸਐੱਚਓ ਸਦਰ ਦੀ ਅਗਵਾਈ ਹੇਠ ਟੈਕਨੀਕਲ ਵਿੰਗ ਅਤੇ ਸੀਆਈਏ ਸਟਾਫ ਨੂੰ ਜਾਂਚ ਅੱਗੇ ਵਧਾਉਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਮਰਹੂਮ ਨੌਜਵਾਨ ਲੱਡਾ ਕੋਠੀ ਦੇ ਨਾਲ ਲੱਗਦੇ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰਿਆਂ ਵਿੱਚ ਤੁਰਿਆ ਆਉਂਦਾ ਦਿਖਾਈ ਦਿੱਤਾ ਹੈ।