ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਦਸੰਬਰ
ਕਾਰ ਸਵਾਰਾਂ ਸਮੇਤ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੇ ਕਾਂਗਰਸ ਦੇ ਸਾਬਕਾ ਨਗਰ ਕੌਂਸਲਰ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਸਿਟੀ ਪੁਲੀਸ ਵੱਲੋਂ ਕਾਰ ਸਵਾਰ ਪੰਜ ਹਮਲਾਵਰਾਂ ਸਣੇ ਕਈ
ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਪੁਲੀਸ ਦੇ ਇੰਚਾਰਜ ਇੰਸਪੈਕਟਰ ਗੁਰਵੀਰ ਸਿੰਘ ਅਨੁਸਾਰ ਸਿਵਲ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਸਾਬਕਾ ਨਗਰ ਕੌਂਸਲਰ ਰਵੀ ਕੁਮਾਰ ਚਾਵਲਾ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਸਵੇਰੇ ਐਕਟਿਵਾ ’ਤੇ ਆਪਣੇ ਬੱਚਿਆਂ ਨੂੰ ਸਕੂਲ ਬੱਸ ਚੜ੍ਹਾ ਕੇ ਵਾਪਸ ਘਰ ਪਰਤ ਰਿਹਾ ਸੀ ਕਿ ਫਿਰਨੀ ਰੋਡ ’ਤੇ ਇੱਕ ਕਾਰ ਨੇ ਪਿੱਛੋਂ ਉਸਦੇ ਵਾਹਨ ਨੂੰ ਟੱਕਰ ਮਾਰੀ ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਕਾਰ ’ਚ ਸਵਾਰ ਲੱਕੀ, ਜੱਸੀ, ਪਵਨ ਕੁਮਾਰ ਉਰਫ਼ ਜੋਨੀ ਅਤੇ ਰੜੀ ਹੇਠਾਂ ਉਤਰੇ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਕਿਰਪਾਨ, ਰਾਡ ਤੇ ਦਾਤ ਸਨ ਜਦੋਂਕਿ ਬੱਬੀ ਡਰਾਈਵਰ ਸੀਟ ’ਤੇ ਬੈਠਾ ਸੀ। ਮੌਕੇ ’ਤੇ ਚਾਰ ਅਣਪਛਾਤੇ ਵਿਅਕਤੀ ਹੋਰ ਖੜ੍ਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਹਮਲਾਵਰਾਂ ਨੇ ਉਸਨੂੰ ਮਾਰ ਦੇਣ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ। ਰੌਲਾ ਪਾਉਣ ’ਤੇ ਲੋਕ ਇਕੱਠੇ ਹੋਣ ’ਤੇ ਹਮਲਾਵਰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਕਾਰ ’ਚ ਮੌਕੇ ਤੋਂ ਭੱਜ ਗਏ।
ਮੌਕੇ ’ਤੇ ਪੁੱਜੇ ਉਸ ਦੇ ਰਿਸ਼ਤੇਦਾਰ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਥਾਣਾ ਸਿਟੀ ਪੁਲੀਸ ਨੇ ਲੱਕੀ, ਜੱਸੀ, ਪਵਨ ਕੁਮਾਰ ਉਰਫ਼ ਜੋਨੀ ਵਾਸੀਆਨ ਡਾ. ਅੰਬੇਦਕਰ ਨਗਰ ਸੰਗਰੂਰ, ਰੜੀ ਵਾਸੀ ਗੰਗਾ ਰਾਮ ਬਸਤੀ ਸੰਗਰੂਰ ਅਤੇ ਬੱਬੀ ਵਾਸੀ ਸੁੰਦਰ ਬਸਤੀ ਸੰਗਰੂਰ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿੰਗਲਾ ਨੇ ਹਮਲੇ ਦੀ ਨਿਖੇਧੀ ਕੀਤੀ
ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ ਪਾਰਟੀ ਵਰਕਰ ਤੇ ਸਾਬਕਾ ਐੱਮਸੀ ਰਵੀ ਚਾਵਲਾ ਉਪਰ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਂਗਰਸੀ ਵਰਕਰਾਂ ਨੂੰ ਇੰਜ ਡਰਾਇਆ ਜਾਂ ਧਮਕਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਡਾ. ਬੀ ਆਰ ਅੰਬੇਡਕਰ ਦੀ ਬਰਸੀ ਮੌਕੇ ਐੱਸਸੀ ਆਗੂ ’ਤੇ ਅਜਿਹਾ ਹਮਲਾ ਕਰਨਾ ਸ਼ਰਮਨਾਕ ਹੈ।