ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 3 ਫਰਵਰੀ
ਕਾਫ਼ਲਾ-ਏ-ਮੀਰ ਮਰਦਾਨੇ ਕੇ ਦੇ ਸੂਬਾਈ ਜਨਰਲ ਸਕੱਤਰ ਮਸ਼ਹੂਰ ਅਲੀ ਅਤੇ ਮੀਤ ਪ੍ਰਧਾਨ ਬੂਟੇ ਸ਼ਾਹ ਸਾਬਰੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਡੀਜੀਪੀ ਜਨਾਬ ਮੁਹੰਮਦ ਮੁਸਤਫਾ ਵੱਲੋਂ ਚੋਣ ਨੁੱਕੜ ਮੀਟਿੰਗ ਦੌਰਾਨ ਮੀਰ ਬਰਾਦਰੀ ਬਾਰੇ ਕੱਸੇ ਤੰਜ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਮੁਹੰਮਦ ਮੁਸਤਫਾ ਮੀਰ ਬਰਾਦਰੀ ਬਾਰੇ ਬੋਲੇ ਆਪਣੇ ਬੋਲ ਵਾਪਸ ਲੈਣ। ਆਗੂਆਂ ਕਿਹਾ ਕਿ ਮੀਰ ਬਰਾਦਰੀ ਸੰਗੀਤ ਦੇ ਖੇਤਰ ਸਮੇਤ ਹੋਰਨਾਂ ਖੇਤਰਾਂ ’ਚ ਅਹਿਮ ਯੋਗਦਾਨ ਪਾ ਰਹੀ ਹੈ। ਕਿਸੇ ਵੀ ਵਿਅਕਤੀ ਨੂੰ ਸਮਾਜ ਦੇ ਕਿਸੇ ਵੀ ਵਰਗ ਦੇ ਵਿਅਕਤੀ ਜਾਂ ਕਿਸੇ ਸਮੁੱਚੀ ਬਰਾਦਰੀ ਬਾਰੇ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ। ਆਗੂਆਂ ਕਿਹਾ ਕਿ ਜੇਕਰ ਜਨਾਬ ਮੁਹੰਮਦ ਮੁਸਤਫਾ 5 ਫਰਵਰੀ ਤੱਕ ਮੀਰ ਬਰਾਦਰੀ ਬਾਰੇ ਬੋਲੇ ਆਪਣੇ ਬੋਲ ਵਾਪਸ ਨਹੀਂ ਲੈਂਦੇ ਤਾਂ ਬਰਾਦਰੀ ਇਸ ਸਬੰਧੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਵੇਗੀ। ਆਗੂਆਂ ਕਿਹਾ ਕਿ ਇਸ ਸਬੰਧੀ ਕਾਫ਼ਲਾ ਏ ਮੀਰ ਮਰਦਾਨੇ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨਾਲ ਵੀ ਰਾਬਤਾ ਕਰ ਰਿਹਾ ਹੈ। ਆਗੂਆਂ ਕਿਹਾ ਕਿ ਜੇਕਰ ਮੁਹੰਮਦ ਮੁਸਤਫਾ ਮੀਰ ਬਰਾਦਰੀ ਬਾਰੇ ਬੋਲੇ ਆਪਣੇ ਬੋਲ ਵਾਪਸ ਨਹੀਂ ਲੈਂਦੇ ਤਾਂ ਕਾਫ਼ਲਾ ਏ ਮੀਰ ਮਰਦਾਨੇ ਕੇ ਮਾਲੇਰਕੋਟਲਾ ਦੀ ਮੀਰ ਬਰਾਦਰੀ ਨੂੰ ਕਾਂਗਰਸ ਉਮੀਦਵਾਰ ਰਜ਼ੀਆ ਸੁਲਤਾਨਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰੇਗਾ।