ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 20 ਅਕਤੂਬਰ
‘ਜਮਾਅਤ ਇਸਲਾਮੀ ਹਿੰਦ’ ਦੇ ਕੌਮੀ ਸਕੱਤਰ ਡਾ. ਮੁਹੱਈਓਦੀਨ ਗਾਜ਼ੀ ਨੇ ਕਿਹਾ ਕਿ ਕੁਰਾਨ ਗਿਆਨ-ਵਿਗਿਆਨ ਦਾ ਸੋਮਾ ਹੈ ਅਤੇ ਬੀਤੇ ਸਮੇਂ ਵਿੱਚ ਕਈ ਕੌਮਾਂ ਨੇ ਇਸ ਨੂੰ ਆਪਣੀ ਖੋਜ ਦਾ ਆਧਾਰ ਬਣਾ ਕੇ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ। ਜੇ ਮੁਸਲਿਮ ਵਿਦਵਾਨ ਕੁਰਾਨ ਦੀਆਂ ਸਿੱਖਿਆਵਾਂ ਦਾ ਸਰਸਰੀ ਗਿਆਨ ਪ੍ਰਾਪਤ ਕਰਨ ਦੀ ਥਾਂ ਇਸ ਨੂੰ ਆਧੁਨਿਕ ਢੰਗ ਦੀ ਖੋਜ ਦਾ ਆਧਾਰ ਬਣਾਉਣ ਤਾਂ ਅਜਿਹਾ ਵਰਤਾਰਾ ਪੂਰੀ ਇਨਸਾਨੀਅਤ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ। ਉਹ ਲਸਥਾਨਕ ਮਦਰਸਾ ਇਸਲਾਮੀਆ ਅਰਬੀਆ ਹਿਫ਼ਜ਼ੁਲੁ ਕੁਰਆਨ ਵਿਖੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਸਜਿਦਾਂ ਦੇ ਇਮਾਮਾਂ ਦੀ ਇੱਕ ਸਾਂਝੀ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਅਰਬੀ ਭਾਸ਼ਾ ਵਿੱਚ ਪਵਿੱਤਰ ਕੁਰਾਨ ਦਾ ਪਾਠ ਕਰਨਾ ਧਾਰਮਿਕ ਸ਼ਰਧਾ ਦਾ ਵਿਸ਼ਾ ਤਾਂ ਹੋ ਸਕਦਾ ਹੈ ਪਰ ਇਸ ਵਿੱਚ ਛੁਪੇ ਗਿਆਨ-ਵਿਗਿਆਨ ਤੋਂ ਲੋੜੀਂਦਾ ਲਾਭ ਕੇਵਲ ਉਸ ਵੇਲੇ ਹੀ ਹਾਸਲ ਕੀਤਾ ਜਾ ਸਕਦਾ ਹੈ ਜਦੋਂ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਇਸ ’ਤੇ ਡੂੰਘਾ ਸੋਚ ਵਿਚਾਰ ਹੁੰਦਾ ਰਹੇ। ਉਹ ਜਮਾਅਤ ਇਸਲਾਮੀ ਹਿੰਦ ਵੱਲੋਂ ਚਲਾਈ ਜਾ ਰਹੀ ਦੇਸ਼ ਵਿਆਪੀ ਮੁਹਿੰਮ ‘ਪਰਤੋ ਕੁਰਆਨ ਵੱਲ’ ਤਹਿਤ ਇੱਥੇ ਆਏ ਸਨ।