ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ
ਇੱਥੇ ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਨੇ ਕਿਹਾ ਕਿ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਬਣੇ ਮਿਊਜ਼ੀਅਮ ਨੂੰ ਸ਼ਹੀਦ ਦੀਆਂ ਉਨ੍ਹਾਂ ਚੀਜ਼ਾਂ ਦੀ ਉਡੀਕ ਹੈ ਜੋ ਥਾਂ-ਥਾਂ ਪਈਆਂ ਹਨ।
ਮੰਚ ਦੇ ਅਹੁਦੇਦਾਰਾਂ ਬਲਬੀਰ ਚੰਦ ਲੌਂਗੋਵਾਲ, ਅਨਿਲ ਕੁਮਾਰ, ਰਾਕੇਸ਼ ਕੁਮਾਰ, ਦਾਤਾ ਸਿੰਘ, ਪਦਮ ਸ਼ਰਮਾ, ਦਵਿੰਦਰ ਸਿੰਘ, ਪਵਨ ਕੁਮਾਰ, ਵਿਸ਼ਵਕਾਂਤ, ਲਾਭ ਸਿੰਘ ਤੇ ਪਵਨ ਕੁਮਾਰ ਛਾਜਲਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸੁਨਾਮ ਵਿੱਚ ਉਸਾਰੇ ਜਾ ਰਹੇ ਮਿਉਜ਼ੀਅਮ ਦਾ ਇਕ ਭਾਗ 31 ਜੁਲਾਈ 2021 ਨੂੰ ਲੋਕ ਅਰਪਣ ਕੀਤਾ ਸੀ।
ਮੰਚ ਨੇ ਕਿਹਾ ਕਿਹਾ ਕਿ ਛੇ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਇਕ ਵੀ ਚੀਜ਼ ਮਿਉਜ਼ੀਅਮ ਵਿਚ ਨਹੀਂ ਰੱਖੀ ਗਈ।
ਇਸ ਦੌਰਾਨ ਮੰਚ ਦੀ ਆਗੂਆਂ ਨੇ ਕਿਹਾ ਕਿ ਸ਼ਹੀਦ ਦੀਆਂ ਅਸਥੀਆਂ ਦੇ ਦੋ ਕਲਸ਼ ਅੱਜ ਵੀ ਸਰਕਾਰੀ ਕਾਲਜ ਦੀ ਲਾਇਬਰੇਰੀ ਵਿੱਚ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਮਿਊਜ਼ੀਅਮ ਤੇ ਮੈਮੋਰੀਅਲ ਖੋਲ੍ਹਣ ਦਾ ਸਮਾਂ ਸਿਰਫ਼ ਚਾਰ ਘੰਟੇ ਰੱਖਿਆ ਗਿਆ ਹੈ ਜੋ ਬਹੁਤ ਘੱਟ ਹੈ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰਸ਼ਕਾਂ ਲਈ ਸਮਾਂ ਵਧਾਇਆ ਜਾਵੇ।
ਮੰਚ ਨੇ ਕਿਹਾ ਕਿ ਮੈਮੋਰੀਅਲ ਵਿਚ ਸ਼ਹੀਦ ਊਧਮ ਸਿੰਘ ਦੇ ਲੱਗੇ ਬੁੱਤ ਦੀ ਸ਼ਕਲ ਉਸ ਦੀਆਂ ਅਸਲੀ ਤਸਵੀਰਾਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ। ਇਸ ਲਈ ਇਹ ਬੁੱਤ ਉਸ ਦੀ ਅਸਲ ਸ਼ਕਲ ਅਨੁਸਾਰ ਹੀ ਬਣਾਇਆ ਜਾਣਾ ਚਾਹੀਦਾ ਹੈ ਜਦੋਂ ਕਿ ਉਸ ਦੀਆਂ ਕਿੰਨੀਆਂ ਹੀ ਅਸਲੀ ਤਸਵੀਰਾਂ ਮੌਜੂਦ ਹਨ। ਉਨ੍ਹਾਂ ਊਧਮ ਨਾਲ ਸਬੰਧਤ ਵਸਤਾਂ ਮੰਗਾਉਣ ਦੀ ਵੀ ਮੰਗ ਕੀਤੀ।