ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 9 ਅਗਸਤ
ਇਥੇ ਵਸਦੇ ਵੱਡੀ ਗਿਣਤੀ ‘ਚ ਸ਼ੀਆ ਮੁਸਲਮਾਨਾਂ ਨੇ ਪੂਰੇ ਮਾਤਮੀ ਮਾਹੌਲ ‘ਚ ਮੁਹੱਰਮ ਦਾ ਦਿਹਾੜਾ ਮਨਾਉਂਦਿਆਂ ਸ਼ਹਿਰ ਅੰਦਰ ਮਾਤਮੀ ਜਲੂਸ ਕੱਢੇ। ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੇ ਸ਼ੋਕ ’ਚ ਡੁੱਬੇ ਕਾਲੇ ਕੱਪੜੇ ਪਹਿਨੇ ਸ਼ੀਆ ਭਾਈਚਾਰੇ ਦੇ ਲੋਕ ਸਿਰਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਮਾਮਬਾੜਾ ਖੋਜ਼ਗਾਨ ਵਿਖੇ ਇਕੱਠੇ ਹੋਏ ਜਿਥੇ ਮਜਲਿਸ ਦੌਰਾਨ ਮੌਲਾਨਾ ਆਜ਼ਮ ਅਲੀ ਰਿਜ਼ਵੀ ਵੱਲੋਂ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਸਬੰਧੀ ਤਕਰੀਰਾਂ ਕਰਨ ਤੋਂ ਬਾਅਦ ਇਮਾਮਬਾੜਾ ਖੋਜਗਾਨ ਤੋਂ ਮਾਤਮ ਕਰਦੇ ਹੋਏ ਰਵਾਨਾ ਹੋਇਆ, ਇਹ ਮਾਤਮੀ ਜਲੂਸ ਜਿਸ ‘ਚ ਵੱਡੀ ਗਿਣਤੀ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਦੁਪਹਿਰ ਵੇਲੇ ਇਮਾਮਬਾੜਾ ਸਇਅਦਾਨ ‘ਚ ਪਹੁੰਚਿਆ। ਇਥੇ ਮੌਲਾਨਾ ਸ਼ਮੀਮ ਹੈਦਰ ਨੇ ਸ਼ੀਆ ਭਾਈਚਾਰੇ ਨੂੰ ਸੰਬੋਧਨ ਕੀਤਾ, ਜਿਸ ਤੋਂ ਬਾਅਦ ਦੁਪਹਿਰ ਸ਼ੀਸ਼-ਮਹਿਲ ਨੇੜੇ ਸਥਿਤ ਇਮਾਮਬਾੜਾ ਅਹਿਸਾਨੀਆ ਪੁੱਜਿਆ। ਫਿਰ ਜੋਹਰ ਦੀ ਨਮਾਜ਼ ਤੋਂ ਬਾਅਦ ਇਮਾਮਬਾੜਾ ਅਹਿਸਾਨੀਆ ’ਚ ਮੌਲਾਨਾ ਅਸਗਰ ਮਹਿੰਦੀ ਨੇ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਸਬੰਧੀ ਕਰਬਲਾ ਦੇ ਮੈਦਾਨ-ਏ-ਜੰਗ ਬਾਰੇ ਦੱਸਿਆ ਕਿ ਹਜ਼ਰਤ ਇਮਾਮ ਹੁਸੈਨ ਵੱਲੋਂ 783 ਈਸਵੀ ‘ਚ ਇਸਲਾਮ ਤੇ ਮਨੁੱਖਤਾ ਨੂੰ ਬਚਾਉਣ ਲਈ ਕਰਬਲਾ ਦੇ ਮੈਦਾਨ-ਏ-ਜੰਗ ‘ਚ ਆਪਣੇ 71 ਪਰਿਵਾਰਕ ਸਾਥੀਆਂ ਸਮੇਤ ਸ਼ਹਾਦਤ ਦਿੱਤੀ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਸ਼ੀਆ ਭਾਈਚਾਰੇ ਦੇ ਲੋਕਾਂ ਵੱਲੋਂ ਮੁਹੱਰਮ ਦਿਹਾੜੇ ਦੌਰਾਨ ਤੇਜ਼ਧਾਰ ਜ਼ੰਜੀਰਾਂ ਅਤੇ ਤਲਵਾਰਾਂ ਨਾਲ ਮਾਤਮ ਕਰਦੇ ਹੋਏ ਆਪਣੇ ਆਪ ਨੂੰ ਲਹੂ-ਲੁਹਾਨ ਕਰਕੇ ਦੁਨੀਆਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਜੇਕਰ ਉਹ ਵੀ ਉਸ ਸਮੇਂ ਕਰਬਲਾ ਦੇ ਮੈਦਾਨ ’ਚ ਹੁੰਦੇ ਤਾਂ ਇਸਲਾਮ ਤੇ ਮਨੁੱਖਤਾ ਲਈ ਸ਼ਹਾਦਤ ਦੇਣ ਵਾਲੇ ਹਜ਼ਰਤ ਇਮਾਮ ਹੁਸੈਨ ਦੀ ਖਾਤਰ ਉਹ ਆਪਣੇ-ਆਪ ਨੂੰ ਕੁਰਬਾਨ ਕਰ ਦਿੰਦੇ। ਇਹ ਮਾਤਮੀ ਜਲੂਸ ਦੇਰ ਸ਼ਾਮ ਸਥਾਨਕ ਬਸ ਸਟੈਂਡ ਨੇੜੇ ਸਥਿਤ ਕਰਬਲਾ ਪਹੁੰਚਣ ਉਪਰੰਤ ਸਮਾਪਤ ਹੋਇਆ।