ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਅਕਤੂਬਰ
ਮਾਲੇਰਕੋਟਲਾ ਬਲਾਕ-2 ਅਧੀਨ ਪੈਂਦੇ ਪਿੰਡ ਮੁਬਾਰਿਕਪੁਰ ਦੀ ਗ੍ਰਾਮ ਸਭਾ ਦਾ ਇਜਲਾਸ ਸਰਪੰਚ ਸਾਧੂ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਦੀ ਸਾਂਝੀ ਜਗ੍ਹਾ ’ਤੇ ਹੋਇਆ, ਜਿਸ ’ਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ, ਜ਼ਰੂਰੀ ਵਸਤਾਂ ਸੋਧ ਬਿੱਲ 2020, ਬਿਜਲੀ ਸੋਧ ਬਿੱਲ ’ਤੇ ਮਤਾ ਪੇਸ਼ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ। ਗ੍ਰਾਮ ਸਭਾ ਵਿਚਾਰ ਮਗਰੋਂ ਇਸ ਸਿੱਟੇ ’ਤੇ ਪੁੱਜੀ ਕਿ ਇਸ ਕਾਨੂੰਨ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ, ਫ਼ਸਲਾਂ ਦੇ ਘੱਟੋ ਘੱਟ ਭਾਅ ਤੋਂ ਹੱਥ ਖਿੱਚਣ, ਜ਼ਖ਼ੀਰੇਬਾਜ਼ੀ ਦੀ ਖੁੱਲ੍ਹ ਦੇਣ, ਕਾਰਪੋਰੇਟ ਘਰਾਣਿਆਂ ਦੇ ਪੱਖ ਵਾਲੇ ਹਨ ਤੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਵਪਾਰੀਆਂ ਸਮੇਤ ਸਮੁੱਚੇ ਲੋਕਾਂ ਦੇ ਖ਼ਿਲਾਫ਼ ਹਨ। ਗ੍ਰਾਮ ਸਭਾ ਇਜਲਾਸ ਨੇ ਸਰਵਸੰਮਤੀ ਨਾਲ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਦਿਆਂ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ। ਗ੍ਰਾਮ ਸਭਾ ਨੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਦੀ ਹਮਾਇਤ ਵੀ ਕੀਤੀ। ਗ੍ਰਾਮ ਸਭਾ ਨੇ ਪਾਸ ਮਤੇ ਦੀ ਕਾਪੀ ਅਗਲੀ ਕਾਰਵਾਈ ਲਈ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਭੇਜੀ। ਇਸ ਮੌਕੇ ਸੁਖਵਿੰਦਰ ਸਿੰਘ,ਸਾਬਕਾ ਸਰਪੰਚ ਮਨਜੀਤ ਸਿੰਘ,ਪੰਚ ਮੇਵਾ ਸਿੰਘ, ਪੰਚ ਮਹਿੰਦਰ ਸਿੰਘ, ਪਿਆਰਾ ਸਿੰਘ, ਗੁਰਿੰਦਰ ਸਿੰਘ, ਹਮੀਰ ਸਿੰਘ, ਪਰਮਜੀਤ ਸਿੰਘ,ਹਰਪ੍ਰੀਤ ਸਿੰਘ ਮੁਹੰਮਦ ਸ਼ਹਬਿਾਜ਼, ਚਰਨਜੀਤ ਕੁਮਾਰ, ਬਚਿੱਤਰ ਸਿੰਘ, ਭੁਪਿੰਦਰ ਸਿੰਘ, ਹਾਕਮ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਖੋਖਰ ਕਲਾਂ ’ਚ ਪੰਚਾਇਤ ਨੇ ਕਾਲੇ ਕਾਨੂੰਨਾਂ ਖ਼ਿਲਾਫ਼ ਮਤਾ ਪਾਇਆ
ਲਹਿਰਾਗਾਗਾ (ਪੱਤਰ ਪ੍ਰੇਰਕ) ਪਿੰਡ ਖੋਖਰ ਕਲਾਂ ਵਿੱਚ ਪਿੰਡ ਦੇ ਸਰਪੰਚ ਹਰਇੰਦਰਜੀਤ ਸਿੰਘ ਰਾਮ ਦੀ ਅਗਵਾਈ ’ਚ ਪੰਚਾਇਤ ਤੇ ਪਿੰਡ ਵਾਸੀਆਂ ਦਾ ਇਕੱਠ ਹੋਇਆ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਜੋ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਖੇਤੀ ਬਿੱਲ ਪਾਸ ਕੀਤੇ ਹਨ। ਇਨ੍ਹਾਂ ਨਾਲ ਇਕੱਲੇ ਕਿਸਾਨਾਂ ਨੂੰ ਨਹੀਂ, ਸਗੋਂ ਸਾਰੇ ਕੰਮਾਂ ’ਤੇ ਮਾੜਾ ਅਸਰ ਪਵੇਗਾ। ਇਹ ਕਾਨੂੰਨ ਕਿਸਾਨ ਵਿਰੋਧੀ ਹਨ ਮਜ਼ਦੂਰ, ਦੁਕਾਨਦਾਰ, ਟਰਾਂਸਪੋਰਟ, ਸਭ ਕਾਲੇ ਕਾਨੂੰਨਾਂ ਦੀ ਲਪੇਟ ਵਿੱਚ ਆਉਣਗੇ। ਉਨ੍ਹਾਂ ਕਿਹਾ ਕਿ ਹੁਣ ਆਪਣੇ ਕੋਲ ਸਮਾਂ ਹੈ ਆਪਾਂ ਇਕੱਠੇ ਹੋ ਕੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰੀਏ। ਇਸ ਮੌਕੇ ਪਿੰਡ ਦੇ ਸਰਪੰਚ ਹਰਿੰਦਰਜੀਤ ਸਿੰਘ ਰਾਮ ਨੇ ਤਿੰਨਾਂ ਕਾਨੂੰਨਾਂ ਖ਼ਿਲਾਫ਼ ਪੰਚਾਇਤ ਵੱਲੋਂ ਮਤਾ ਪਾ ਕੇ ਸਰਕਾਰ ਦੇ ਨੁਮਾਇੰਦਿਆਂ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਗਿਆ।